ਹੁਣ ਚਿੱਟੇ ਤੋਂ ਬਾਅਦ ਨਵਾਂ ਨਸ਼ਾ ਐਲ ਐਸ ਡੀ
ਨੌਜਵਾਨ ਵਰਗ ਕਿਸੇ ਵੀ ਦੇਸ਼ ਲਈ ਰੀੜ੍ਹ ਦੀ ਹੱਡੀ ਹੁੰਦਾ ਹੈ। ਜੇਕਰ ਰੀੜ੍ਹ ਦੀ ਹੱਡੀ ਕਮਜੋਰ ਹੋ ਜਾਵੇ ਤਾਂ ਸਰੀਰ ਸਹੀ ਤਰ੍ਹਾਂ ਨਾਲ ਕੰਮ ਕਰਨੋ ਹਟ ਜਾਂਦਾ ਹੈ। ਭਾਰਤ ਵਿਚ ਇਹ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਨੌਜਵਾਨ ਪੀੜ੍ਹੀ ਨੂੰ ਇੱਕ ਸਾਜ਼ਿਸ਼ ਤਹਿਤ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਨਸ਼ਿਆਂ ਨੂੰ ਸਭ ਤੋਂ ਵੱਧ ਅਤੇ ਕਾਰਗਾਰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਵਿਦੇਸ਼ੀ ਤਾਕਤਾਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਾ ਰਹੀਆਂ ਹਨ। ਜਿਸ ਵਿੱਚ ਸਾਡੇ ਨੌਜਵਾਨਾਂ ਨੂੰ ਨਸ਼ਾ ਤਸਕਰ ਅਤੇ ਨਸ਼ੇੜੀ ਬਣਾਇਆ ਜਾ ਰਿਹਾ ਹੈ। ਅਫੀਮ, ਭੁੱਕੀ ਤੋਂ ਲੈ ਕੇ ਡਰੱਗ ਵਿਚ ਹੁੰਦੇ ਹੋਏ ਚਿੱਟਾ ਅਤੇ ਹੈਰੋਇਨ ਪਹੁੰਚਣ ਤੋਂ ਬਾਅਦ ਹੁਣ ਨਵਾਂ ਐਲ.ਐਸ.ਡੀ. ਨਸ਼ਾ ਬਜ਼ਾਰ ’ਚ ਸਪਲਾਈ ਹੋਣਾ ਸ਼ੁਰੂ ਹੋ ਗਿਆ ਹੈ । ਹਾਲ ਹੀ ਵਿੱਚ ਦਿੱਲੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਐਲਐਸਡੀ ਡਰੱਗਜ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਜਿਸ ਵਿੱਚ ਇੱਕ ਗ੍ਰਿਫਤਾਰ ਦੋਸ਼ੀਆਂ ਵਿਚ ਨੌਜਵਾਨ ਲੜਕੀ ਵੀ ਹੈ ਅਤੇ ਇਸ ਧੰਦੇ ਵਿੱਚ ਸ਼ਾਮਲ ਲੋਕ 25 ਤੋਂ 30 ਸਾਲ ਦੀ ਉਮਰ ਤੱਕ ਦੇ ਹਨ। ਇਹ ਸਭ ਤੋਂ ਗੰਭੀਰ ਹੈ ਅਤੇ ਹੈਰਾਨੀ ਦੀ ਗੱਲ ਹੈ। ਇਸ ਰੈਕੇਟ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ ਸ਼ਾਮਲ ਹਨ। ਜਿਨ੍ਹਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਹੁਣ ਤੱਕ ਅਸੀਂ ਚਿੱਟੇ ਅਤੇ ਹੈਰੋਇਨ ਦੇ ਨਸ਼ੇ ਦੀ ਦਲ ਦਲ ਵਿਚੋਂ ਨੌਜਵਾਨ ਵਰਗ ਨੂੰ ਬਾਹਰ ਨਹੀਂ ਕੱਢ ਸਕੇ। ਇਸ ਨਸ਼ੇ ਵਿਚ ਫਸੇ ਹੋਏ ਨੌਜਵਾਨ ਜੁਰਮ ਦੀ ਦੁਨੀਆ ਵਿੱਚ ਜਾ ਰਹੇ ਨੌਜਵਾਨ ਅਤੇ ਉਨ੍ਹਾਂ ਵਿਚੋਂ ਬਹੁਤੇ ਲਗਾਤਾਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਦੇ ਹਰ ਗਲੀ ਕੋਨੇ ਵਿਚ ਚਿੱਟੇ ਦਾ ਬੋਲਬਾਲਾ ਹੈ ਅਤੇ ਹਰ ਰੋਜ਼ ਨੌਜਵਾਨ ਇਸ ਨਸ਼ੇ ਕਾਰਨ ਮਰ ਰਹੇ ਹਨ। ਭਾਵੇਂ ਸਰਕਾਰਾਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਿਰਤੋੜ ਯਤਨ ਕਰ ਰਹੀਆਂ ਹਨ ਪਰ ਸ਼ੇਅਰ ਦੀਆਂ ਪੰਕਤੀਆਂ ‘‘ ਮਰਜ ਬੜਤਾ ਹੀ ਗਿਆ, ਜਿਉਂ-ਜਿਉਂ ਦਵਾ ਕੀ ’’ ਅਨੁਸਾਰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਨਿਕਲਣ ਦੀ ਬਜਾਏ ਹੋਰ ਗਹਿਰਾਪੀਈ ਵਿਚ ਧਸਦੇ ਜਾ ਰਹੇ ਹਾਂ। ਜੇਕਰ ਚਿੱਟੇ ਅਤੇ ਹੈਰੋਇਨ ਦੀ ਥਾਂ ਤੇ ਇਹ ਐੱਲ.ਐੱਸ.ਡੀ. ਨਸ਼ਾ ਮਾਰਕੀਟ ਵਿੱਚ ਆ ਜਾਵੇਗਾ, ਤਾਂ ਇਸ ਨੂੰ ਕਾਬੂ ਕਰਨਾ ਅਤੇ ਇਸ ਨਾਲ ਨਿਪਟਨਾ ਅਸੰਭਵ ਹੋ ਜਾਵੇਗਾ ਕਿਉਂਕਿ ਇਹ ਵੀ ਇਕ ਖਤਰਨਾਕ ਸਿੰਥੈਟਿਕ ਡਰੱਗ ਨਸ਼ਾ ਮੰਨਿਆ ਜਾਂਦਾ ਹੈ । ਜਿਸਦਾ ਪ੍ਰਭਾਵ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਅਤੇ ਇੱਕ ਵਾਰ ਇਸਦੀ ਲਪੇਟ ਵਿਚ ਆਉਣ ਵਾਲਾ ਉਮਰ ਭਰ ਇਸਤੋਂ ਛੁਟਕਾਰਾ ਨਹੀਂ ਪਾ ਸਕੇਗਾ। ਇਸ ਲਈ ਭਾਵੇਂ ਐਲਐਸਡੀ ਡਰੱਗ ਦੀ ਬਰਾਮਦਗੀ ਦਿੱਲੀ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕੀਤੀ ਗਈ ਹੈ। ਪਰ ਨਸ਼ਾ ਦੇ ਸੌਦਾਗਰਾਂ ਦਾ ਜਾਲ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਇਸ ਲਈ ਵੱਡੀਆਂ ਖੇਪਾਂ ਦੀ ਬਰਾਮਦਗੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਦੂਜੇ ਰਾਜਾਂ ਵਿੱਚ ਇਸ ਨਸ਼ੇ ਦੀ ਆਮਦ ਹੋਣ ਤੋਂ ਰੋਕਿਆ ਜਾ ਸਕੇ। ਜਿਹੜੇ ਲੋਕ ਇਸ ਧੰਦੇ ਵਿੱਚ ਸ਼ਾਮਲ ਹਨ, ਉਹ ਭਾਵੇਂ ਕਿੰਨੇ ਵੀ ਵੱਡੇ ਰੁਤਬੇ ਤੇ ਕਿਉਂ ਨਾ ਹੋਣ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਖਾਸ਼ ਖਰਕੇ ਪੰਜਾਬ ਸਰਕਾਰ ਨੂੰ ਇਸਤੋਂ ਹੁਣੇ ਹੀ ਪੂਰੀ ਤਰ੍ਹਾਂ ਨਾਲ ਚੌਕਸ ਹੋ ਜਾਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ।