ਜਗਰਾਓਂ, 5 ਦਸੰਬਰ ( ਸਤੀਸ਼ ਕੋਹਲੀ, ਬੌਬੀ ਸਹਿਜਲ )-ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਵਿਅਕਤੀ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਨੇ ਘੇਰ ਲਿਆ। ਰਸਤੇ ’ਚ ਉਸ ਦੀ ਕੁੱਟਮਾਰ ਕਰਕੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਹਰਫੂਲ ਸਿੰਘ ਵਾਸੀ ਪਿੰਡ ਰਾਜੋਆਣਾ ਖੁਰਦ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਬੁਰਜ ਹਰੀ ਸਿੰਘ ਤੋਂ ਆਪਣੇ ਪਿੰਡ ਰਾਜੋਆਣਾ ਖੁਰਦ ਨੂੰ ਜਾ ਰਿਹਾ ਸੀ। ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਉਹ ਪਿੰਡ ਬੁਰਜ ਹਰੀ ਸਿੰਘ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਪਿੱਛੇ ਤੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਲੜਕੇ ਉਸ ਕੋਲ ਆ ਗਏ। ਉਨ੍ਹਾਂ ਨੇ ਉਸ ਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਹਰਫੂਲ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਰਾਏਕੋਟ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।