ਮੂਨਕ(ਰਾਜੇਸ ਜੈਨ)ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ ਅਤੇ ਮੂਣਕ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਬੱਲਰਾਂ ਵਿੱਚ ਬਲਾਕ ਜਰਨਲ ਸਕੱਤਰ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਜੱਥੇਬੰਦੀਆਂ ਵੱਲੋਂ ਕੀਤੇ ਗਏ ਸਾਂਝੇ ਐਕਸ਼ਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸ਼ਰਮਾ ਭੁਟਾਲ ਖੁਰਦ ਨੇ ਕਿਹਾ ਕਿ ਸੰਘਰਸ਼ੀਲ ਜੱਥੇਬੰਦੀਆਂ ਬੀਕੇਯੂ ਏਕਤਾ ਅਜਾਦ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਪਾਣੀਆਂ ਅਤੇ ਬਿਜਲੀ ਨਾਲ ਸਬੰਧਤ ਮੰਗਾਂ ਨੂੰ ਲੈਕੇ ਸੰਘਰਸ਼ ਕੀਤਾ ਗਿਆ ਸੀ ਪੰ੍ਤੂ ਸਰਕਾਰ ਨੇ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ 19 ਜੂਨ ਨੂੰ ਪੰਜਾਬ ਭਰ ਵਿੱਚ ਸਾਰੇ ਵਿਧਾਇਕਾਂ ਨੂੰ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਮੰਗ ਪੱਤਰ ਦਿੱਤੇ ਜਾਣਗੇ।ਇਸ ਦੌਰਾਨ ਮੰਗ ਕੀਤੀ ਗਈ ਕਿ ਜੇਕਰ ਕਿਸਾਨ ਦਾ ਬੋਰ(ਟਿਊਬਵੈੱਲ) ਟੁੱਟ ਜਾਂਦਾ ਹੈ ਤਾਂ ਬਿਨਾਂ ਕਾਗਜ਼ੀ ਖੱਜਲ ਖ਼ੁਆਰੀ ਅਤੇ ਬਿਨਾਂ ਖਰਚੇ ਤਬਦੀਲੀ ਦੀ ਮਨਜ਼ੂਰੀ ਦਿੱਤੀ ਜਾਵੇ।ਬਲਾਕ ਜਰਨਲ ਸਕੱਤਰ ਮੱਖਣ ਪਾਪੜਾ ਨੇ ਕਿਹਾ ਕਿ ਮੂਣਕ ਤਹਿਸੀਲ ਵਿਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ।ਆਮ ਕਿਸਾਨਾਂ ਦੀਆਂ ਜ਼ਮੀਨਾਂ ਦੇ ਰਿਕਾਰਡ ਨਾਲ਼ ਛੇੜਛਾੜ ਕਰਕੇ ਮੋਟੀ ਰਿਸ਼ਵਤ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਹੈ,ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਵੇਲੇ ਰਿਕਾਰਡ ਦੀ ਦਰੁਸਤੀ ਦੇ ਨਾਂਮ ਹੇਠ ਗਰੀਬ ਲੋਕਾਂ ਨਾਲ ਜ਼ਿਆਦਤੀਆਂ ਕੀਤੀਆਂ ਜਾਂਦੀਆਂ ਹਨ। ਉਹਨਾਂ ਉੱਪਰ ਤਹਿਸੀਲਦਾਰ ਜਾਂ ਐਸ ਡੀ ਐਮ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਕਿਉਂਕਿ ਉਹ ਇਹਨਾਂ ਦੇ ਕਮਾਊ ਪੁੱਤ ਹਨ।ਜੇਕਰ ਇੱਥੋਂ ਦੇ ਤਹਿਸੀਲਦਾਰ ਅਤੇ ਫੀਲਡ ਕਾਨੂੰਗੋ ਦੀ ਵਿਜੀਲੈਂਸ ਜਾਂ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ। ਉਹਨਾਂ ਜ਼ਮੀਨ ਦੇ ਰਿਕਾਰਡ ਨਾਲ਼ ਕੀਤੀ ਗਈ ਛੇੜਛਾੜ ਦੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਸਾਫ ਸੁਥਰਾ ਦਫ਼ਤਰੀ ਕੰਮ ਕਾਜ ਬਿਨਾਂ ਰਿਸ਼ਵਤ ਦੇ ਹੋਇਆ ਕਰੇਗਾ ਵਾਲੇ ਦਾਅਵੇ ਹਵਾ ਹਵਾਈ ਹੋ ਗਏ। ਆਮ ਲੋਕਾਂ ਨੂੰ ਬੇਲੋੜੀ ਕਾਗਜੀ ਕਾਰਵਾਈ ਵਿੱਚ ਉਲਝਾ ਲੈਂਦੇ ਹਨ ਜਿਸ ਕਰਕੇ ਗ.ਰੀਬ ਆਦਮੀ ਨੂੰ ਮਜਬੂਰ ਹੋ ਕੇ ਰਿਸ਼ਵਤ ਦੇਣੀ ਪੈਂਦੀ ਹੈ। ਜੇਕਰ ਇੱਥੋਂ ਦੇ ਅਧਿਕਾਰੀਆਂ ਨੇ ਆਪਣਾਂ ਰੱਵਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਬੀਕੇਯੂ ਏਕਤਾ ਅਜ਼ਾਦ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ।ਮੀਟਿੰਗ ਨੂੰ ਬਲਾਕ ਆਗੂ ਰਾਜ ਸਿੰਘ ਥੇੜੀ,ਗੁਰਜੰਟ ਸਿੰਘ ਪਸੌਰ,ਮੰਗੂ ਬੱਲਰਾਂ,ਬਲਜੀਤ ਬੱਲਰਾਂ,ਕਰਨ ਬੱਲਰਾਂ,ਨਾਜਰ ਬੱਲਰਾਂ,ਪਰਗਟ ਗਦੜਿਆਣੀ, ਬਖਤੌਰਾ ਮੂਣਕ,ਹਰਭਗਵਾਨ ਭੁਟਾਲ ਖੁਰਦ,ਬਲਵਿੰਦਰ ਮੂਣਕ,ਬਲਜਿੰਦਰ ਪਾਪੜਾ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ।