ਬਠਿੰਡਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸ਼ੁੱਕਰਵਾਰ ਦੀ ਰਾਤ ਨੂੰ ਸਕੱਤਰੇਤ ਵਿਚ ਸਥਿਤ ਸੇਵਾ ਕੇਂਦਰ ਵਿਚ ਹੋਈ 20 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਦੀ ਗੁੱਥੀ 24 ਘੰਟਿਆਂ ਵਿਚ ਸੁਲਝਾਉਂਦਿਆਂ ਪੁਲਿਸ ਨੇ ਸੇਵਾ ਕੇਂਦਰ ਦੇ ਮੁਲਾਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਦੌਰਾਨ ਉਕਤ ਵਿਅਕਤੀ ਕੋਲੋਂ 18 ਲੱਖ 23 ਹਜ਼ਾਰ ਰੁਪਏ ਦੀ ਨਕਦੀ, ਚੋਰੀ ਕੀਤਾ ਹੋਇਆ ਡੀਵੀਆਰ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਵਾਰਦਾਤ ਵਿਚ ਉਸ ਨਾਲ ਕੋਈ ਹੋਰ ਵਿਅਕਤੀ ਤਾਂ ਸ਼ਾਮਲ ਨਹੀਂ ਸੀ। ਮੁਲਜ਼ਮ ਦੀ ਪਛਾਣ ਗੁਰਬੰਤ ਸਿੰਘ ਵਾਸੀ ਮਤੀ ਦਾਸ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੇਵਾ ਕੇਂਦਰ ਦਾ ਮੁਲਾਜ਼ਮ ਹੋਣ ਕਰਕੇ ਮੁਲਜ਼ਮ ਨੂੰ ਪਤਾ ਸੀ ਕਿ ਨਕਦੀ ਕਿੱਥੇ ਪਈ ਹੈ। ਇਸ ਤੋਂ ਇਲਾਵਾ ਮੁਲਜ਼ਮ ਨੇ ਲਾਕਰ ਨੂੰ ਕਾਰ ਤੱਕ ਲਿਜਾਣ ਲਈ ਸੇਵਾ ਕੇਂਦਰ ਵਿਚ ਪਈ ਵਹੀਲ ਚੇਅਰ ਦੀ ਵਰਤੋਂ ਕੀਤੀ ਸੀ। ਪੁਲਿਸ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਜਲਦੀ ਅਮੀਰ ਬਣਨ ਦੇ ਚੱਕਰ ਵਿਚ ਉਕਤ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸਥਾਨਕ ਸੈਕਟਰੀਏਟ ਵਿਚ ਕੀਤੀ ਗਈ ਪ੍ਰਰੈਸ ਵਾਰਤਾ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਸੈਕਟਰੀਏਟ ਵਿਚ ਹੋਈ ਚੋਰੀ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਨੇ ਵੱਖ ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਪੁਲਿਸ ਵਲੋਂ ਤਕਨੀਕੀ ਮਾਹਰਾਂ ਦੀ ਮੱਦਦ ਵੀ ਲਈ ਗਈ ਸੀ। ਇਸ ਦੌਰਾਨ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਚੋਰੀ ਕਰਨ ਵਾਲੇ ਮੁਲਜ਼ਮ ਗੁਰਬੰਤ ਸਿੰਘ ਨੂੰ ਡੱਬਵਾਲੀ ਰੋਡ ਤੋਂ ਗਿ੍ਫ਼ਤਾਰ ਕਰਕੇ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਉਨਾਂ੍ਹ ਦੱਸਿਆ ਕਿ ਮੁਲਜ਼ਮ ਕੋਲੋਂ 18 ਲੱਖ 23 ਹਜਾਰ ਰਪੁਏ, ਡੀਵੀਆਰ, ਸੁਵਿੱਧਾ ਸੈਂਟਰ ਨੂੰ ਲੱਗਾ ਤਾਲਾ ਅਤੇ ਸੰਗਲੀ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਕੋਲ ਸੇਵਾ ਕੇਂਦਰ ਦੀ ਚਾਾਬੀ ਸੀ, ਜਿਸ ਕਰਕੇ ਉਸ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਆਪਣੀ ਪਛਾਣ ਲੁਕਾਉਣ ਲਈ ਮੁਲਜ਼ਮ ਨੇ ਡੀਵੀਆਰ ਚੋਰੀ ਕੀਤੀ ਸੀ। ਦੱਸਣਾ ਬਣਦਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਸਕੱਤਰੇਤ ਵਿਚ ਸਥਿਤ ਸੇਵਾ ਕੇਂਦਰ ਵਿਚੋ 20 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ ਸੀ। ਚੋਰ ਨਕਦੀ ਨਾਲ ਭਰੇ ਹੋਏ ਲੌਕਰ ਤੋਂ ਇਲਾਵਾ ਸੇਵਾ ਕੇਂਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਸਨ। ਅਤਿ ਸੁਰੱਖਿਅਤ ਇਮਾਰਤ ਵਿਚ ਸਥਿਤ ਸੇਵਾ ਕੇਂਦਰ ਵਜੋਂ ਲੱਖਾਂ ਰੁਪਏ ਚੋਰੀ ਹੋ ਜਾਣ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧਾਂ ਦੇ ਕੀਤੇ ਜਾ ਰਹੇ ਦਾਅਵਿਆਂ ‘ਤੇ ਸਵਾਲ ਖੜ੍ਹੇ ਹੋ ਗਏ ਸਨ। ਚੋਰ ਨੂੰ ਫੜ੍ਹਨਾ ਪੁਲਿਸ ਲਈ ਇਕ ਚੈਿਲੰਜ ਬਣਿਆ ਹੋਇਆ ਸੀ, ਕਿਉਂਕਿ ਸੈਕਟਰੀਏਟ ਵਿਚ ਚੋਰੀ ਹੋਣ ਕਾਰਨ ਪੁਲਿਸ ਵਿਭਾਗ ਦੀ ਕਾਫ਼ੀ ਕਿਰਕਰੀ ਹੋ ਰਹੀ ਸੀ। ਇਸ ਲਈ ਪੁਲਿਸ ਵਲੋਂ ਉਕਤ ਮਾਮਲੇ ਨੂੰ ਹੱਲ ਕਰਨ ਲਈ ਸਾਰੇ ਵਿੰਗਾਂ ਦੀ ਡਿਊਟੀ ਲਗਾਈ ਗਈ ਸੀ, ਜਿਸ ਦੇ ਚੱਲਦਿਆਂ ਇਹ ਮਾਮਲੇ 24 ਘੰਟਿਆਂ ਵਿਚ ਹੀ ਹੱਲ ਹੋ ਗਿਆ।