ਜਗਰਾਓਂ, 5 ਦਸੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ )-ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ, ਨਾਲ ਹੀ ਉਨ੍ਹਾਂ ਫੋਟੋਆਂ ਅਤੇ ਵੀਡੀਓਜ਼ ਨੂੰ ਵੀ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਪਹਿਲਾਂ ਹਥਿਆਰਾਂ ਨਾਲ ਪੋਸਟ ਕੀਤੀਆਂ ਹੋਈਆਂ ਸਨ। ਪੁਲਿਸ ਦੀ ਸਖਤੀ ਦੇ ਬਾਵਜੂਦ ਵੀ ਲੋਕ ਹਥਿਆਰਾਂ ਨਾਲ ਵੀਡੀਓ ਅਤੇ ਫੋਟੋਆਂ ਅਪਲੋਡ ਕਰਨ ਦਾ ਸ਼ੌਂਕ ਤਿਆਗ ਨਹੀਂ ਰਹੇ। ਜਿਸ ਦੇ ਚੱਲਦਿਆਂ ਥਾਣਾ ਸਿਟੀ ਦੀ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੋਟੋਆਂ ਅਪਲੋਡ ਕਰਨ ਦੇ ਦੋਸ਼ ’ਚ ਸਤਪਾਲ ਸਿੰਘ ਉਰਫ਼ ਸੁੱਖ ਵਾਸੀ ਕੋਠੇ ਖੰਜੂਰਾਂ ਅਗਵਾੜ ਗੁੱਜਰਾ ਦੇ ਖ਼ਿਲਾਫ਼ ਥਾਣਾ ਸਿਟੀ ਵਿਖੇ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਨਸੀਬ ਚੰਦ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੌਰਾਨ ਸਾਇੰਸ ਕਾਲਜ ਨੇੜੇ ਮੌਜੂਦ ਸਨ। ਉਥੇ ਉਸ ਨੇ ਮੋਬਾਈਲ ’ਤੇ ਇੰਸਟਾਗ੍ਰਾਮ ਸਾਈਟ ਦੇਖੀ ਤਾਂ ਸੁੱਖ ਜਗਰਾਓਂ ਦੀ ਇੰਸਟਾਗ੍ਰਾਮ ਆਈਡੀ ’ਤੇ ਹੱਥ ’ਚ ਹਥਿਆਰ ਫੜੇ ਇਕ ਵਿਅਕਤੀ ਨੇ ਫੋਟੋ ਅਪਲੋਡ ਕੀਤੀ ਹੋਈ ਸੀ। ਉਸ ਦੀ ਫੋਟੋ ਇੰਸਟਾਗ੍ਰਾਮ ਆਈਡੀ ’ਤੇ ਵਾਇਰਲ ਹੋਈ ਸੀ। ਜੋ ਉਸ ਨੇ ਫਰਵਰੀ 2022 ਵਿੱਚ ਪਾਈ ਹੋਈ ਸੀ , ਪਰ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਨਹੀਂ ਕੀਤਾ। ਇੰਸਟਾਗ੍ਰਾਮ ਆਈਡੀ ਵਿੱਚ ਮਾਈ ਅਕਾਊੰਟ ਚੈਕ ਕਰਨ ਤੇ ਜਸਵੀਰ ਸਿੰਘ ਵਾਸੀ ਕੋਠੇ ਖੰਜੂਰਾ ਅਗਵਾੜ ਗੁੱਜਰਾਂ ਦੇ ਨਾਮ ਸਾਹਮਣੇ ਆਇਆ ਅਤੇ ਉਕਤ ਇੰਸਟਾਗ੍ਰਾਮ ਆਈਡੀ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਇੰਸਟਾਗ੍ਰਾਮ ਆਈਡੀ ਸਤਪਾਲ ਸਿੰਘ ਉਰਫ਼ ਸੁੱਖ ਜਗਰਾਉਂ ਦੇ ਨਾਮ ’ਤੇ ਬਣਾਈ ਗਈ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਆਈਡੀ ਸੁੱਖ ਜਗਰਾਓਂ ’ਤੇ ਹਥਿਆਰਾਂ ਸਮੇਤ ਫੋਟੋ ਪੋਸਟ ਕੀਤੀ ਸੀ। ਇਸ ਸੰਬਧੀ ਸਤਪਾਲ ਸਿੰਘ ਉਰਫ ਸੁੱਖ ਖਿਲਾਫ ਥਾਣਾ ਸਿਟੀ ਜਗਰਾਉਂ ’ਚ ਮਾਮਲਾ ਦਰਜ ਕੀਤਾ ਗਿਆ।