ਜਗਰਾਉਂ, 5 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਨਗਰ ਕੌਂਸਲ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਖਿੱਚੋਤਾਣ ਦੌਰਾਨ ਸੋਮਵਾਰ ਨੂੰ ਸ਼ਹਿਰ ਦੇ 23 ਕੌਂਸਲਰਾਂ ਵਿੱਚੋਂ 15 ਨੇ ਮੌਜੂਦਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵਿਰੁੱਧ ਬੇਭਰੋਸਗੀ ਮਤਾ ਈ.ਓ. ਮਨੋਹਰ ਸਿੰਘ ਨੂੰ ਸੌਂਪਿਆ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਨਗਰ ਕੌੰਸਲ ਅਧੀਨ ਆਉਂਦੇ ਵੱਖ-ਵੱਖ ਵਾਰਡਾਂ ਵਿਚ ਸਫ਼ਾਈ ਅਤੇ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ। ਸ਼ਹਿਰ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਵਿਕਾਸ ਕਾਰਜ ਠੱਪ ਪਏ ਹਨ। ਜਿਸ ਕਾਰਨ ਇਨ੍ਹਾਂ ਸਾਰੇ ਕੌਂਸਲਰਾਂ ਦਾ ਮੌਜੂਦਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਤੋਂ ਵਿਸ਼ਵਾਸ ਉੱਠ ਗਿਆ ਹੈ। ਇਸ ਲਈ ਅਸੀਂ ਪ੍ਰਧਾਨ ਜਤਿੰਦਰ ਪਾਲ ਰਾਣਾ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕਰਦੇ ਹਾਂ। ਇਸ ਰੈਗੂਲੇਸ਼ਨ ਰਾਹੀਂ ਜਲਦੀ ਹੀ ਨਗਰ ਕੌਸ਼ਲ ਜਗਰਾਉਂ ਦੇ ਸਮੂਹ ਕੌਂਸਲਰਾਂ ਦੀ ਮੀਟਿੰਗ ਬੁਲਾ ਕੇ ਅਗਲੀ ਕਾਰਵਾਈ ਕੀਤੀ ਜਾਵੇ।
ਇਨ੍ਹਾਂ ਕੌਂਸਲਰਾਂ ਦੇ ਦਸਤਖਤ ਪ੍ਰਸਤਾਵ ’ਤੇ ਹਨ- ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 3 ਤੋਂ ਰਜਿੰਦਰ ਕੌਰ ਠੁਕਰਾਲ, ਵਾਰਡ ਨੰਬਰ 4 ਤੋਂ , ਵਾਰਡ ਨੰਬਰ 5 ਤੋਂ ਰਣਜੀਤ ਕੌਰ ਸਿੱਧੂ, ਵਾਰਡ 7 ਤੋਂ ਪਰਮਿੰਦਰ ਕੌਰ, ਵਾਰਡ ਨੰ: 8 ਤੋਂ ਕੰਵਰਪਾਲ ਸਿੰਘ, ਵਾਰਡ ਨੰ.11 ਤੋਂ ਸੁਖਦੇਵ ਕੌਰ, ਵਾਰਡ ਨੰ.13 ਤੋਂ ਅਨੀਤਾ ਸੱਭਰਵਾਲ, ਵਾਰਡ ਨੰ.15 ਤੋਂ ਸਤੀਸ਼ ਕੁਮਾਰ ਪੱਪੂ, ਵਾਰਡ ਨੰ.16 ਤੋਂ ਸੁਧਾ ਰਾਨੀ, ਵਾਰਡ ਨੰ.16 ਤੋਂ ਦਰਸ਼ਨਾ ਦੇਵੀ ਵਾਰਡ 17 ਤੋਂ ਦਰਸ਼ਨਾ ਦੇਵੀ, ਵਾਰਡ ਨੰਬਰ 19 ਤੋਂ ਡਿੰਪਲ ਗੋਇਲ, ਵਾਰਡ ਨੰਬਰ 21 ਤੋਂ ਕਵਿਤਾ ਰਾਣੀ ਅਤੇ ਵਾਰਡ ਨੰਬਰ 23 ਤੋਂ ਕਮਲਜੀਤ ਕੌਰ।
ਕੀ ਹੋਵੇਗੀ ਅਗਲੀ ਕਾਰਵਾਈ- ਸ਼ਹਿਰ ਦੇ 23 ਵਿੱਚੋਂ 15 ਕੌਂਸਲਰਾਂ ਵੱਲੋਂ ਬੇਭਰੋਸਗੀ ਮਤਾ ਪੇਸ਼ ਕਰਨ ਤੋਂ ਬਾਅਦ ਹੁਣ ਨਗਰ ਕੌਂਸਲ ਦੇ ਈਓ ਮਨੋਹਰ ਸਿੰਘ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਐਸਡੀਐਮ ਵਿਕਾਸ ਹੀਰਾ ਨੂੰ ਇਸ ਸਬੰਧੀ ਜਾਣਕਾਰੀ ਦੇਣਗੇ। ਇਸ ਤੋਂ ਬਾਅਦ 15 ਦਿਨਾਂ ਦੇ ਅੰਦਰ-ਅੰਦਰ ਇਸ ਪ੍ਰਸਤਾਵ ਸਬੰਧੀ ਨਗਰ ਕੌਂਸਲ ਦੀ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਮੌਜੂਦਾ ਪ੍ਰਧਾਨ ਜਤਿੰਦਰ ਪਾਲ ਰਾਣਾ ਆਪਣਾ ਬਹੁਮਤ ਸਾਬਤ ਕਰਨਗੇ ਜਾਂ ਫਿਰ ਉਨ੍ਹਾਂ ਨੂੰ ਅਸਤੀਫਾ ਦੇਣਾ ਪਵੇਗਾ। ਉਸ ਮੀਟਿੰਗ ਵਿੱਚ ਪ੍ਰਸ਼ਾਸਨ ਵੱਲੋਂ ਇੱਕ ਆਬਜ਼ਰਬਰ ਨਿਯੁਕਤ ਕੀਤਾ ਜਾਵੇਗਾ।
ਕੀ ਹੈ ਸਥਿਤੀ- ਇਸ ਸਮੇਂ ਸ਼ਹਿਰ ਕੌਸਲ ਦੇ 23 ਕੌਂਸਲਰ ਹਨ ਅਤੇ ਇਕ ਵੋਟ ਵਿਧਾਇਕ ਦੀ ਗਿਣੀ ਜਾਂਦੀ ਹੈ। ਵਿਧਾਇਕ ਸਮੇਤ 24 ਵੋਟਾਂ ਨਗਰ ਕੌਂਸਲ ਹਾਊਸ ਦੀਆਂ ਹਨ। ਜੇਕਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣਾ ਹੈ ਤਾਂ ਦੋ ਤਿਹਾਈ ਬਹੁਮਤ ਵਿਰੋਧੀ ਧਿਰ ਕੋਲ ਹੋਣਾ ਚਾਹੀਦਾ ਹੈ। ਜੇਕਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਉਣਾ ਹੈ ਤਾਂ ਉਨ੍ਹਾਂ ਦੇ ਵਿਰੋਧੀਆਂ ਕੋਲ ਵਿਧਾਇਕ ਸਮੇਤ 17 ਵੋਟਾਂ ਹੋਣੀਆਂ ਚਾਹੀਦੀਆਂ ਹਨ, ਪਰ ਮੌਜੂਦਾ ਸਮੇਂ ਉਨ੍ਹਾਂ ਕੋਲ ਵਿਧਾਇਕ ਸਮੇਤ 16 ਵੋਟਾਂ ਹਨ। ਹੁਣ ਆਉਣ ਵਾਲੇ 15 ਦਿਨਾਂ ਦੇ ਸਮੇਂ ਵਿੱਚ ਦੋਵਾਂ ਪਾਸਿਆਂ ਤੋਂ ਪੂਰਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰਧਾਨ ਆਪਣੀ ਕੁਰਸੀ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਵਿਰੋਧੀ ਉਨ੍ਹਾਂ ਦੀ ਕੁਰਸੀ ਖੋਹਣ ਦੀ ਕੋਸ਼ਿਸ਼ ਕਰਨਗੇ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੋਵਾਂ ਵਿੱਚੋਂ ਕੌਣ ਕਾਮਯਾਬ ਹੁੰਦਾ ਹੈ।
