Home International ਪਿੰਡ ਅੱਬੂਵਾਲ ਦੇ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ...

ਪਿੰਡ ਅੱਬੂਵਾਲ ਦੇ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

54
0


ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ
ਜਗਰਾਉਂ, 27 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਉਂ ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਅੱਬੂਵਾਲ ਦੇ 22 ਸਾਲਾ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਉਥੋਂ ਦੀ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਕੈਨੇਡੀਅਨ ਪੁਲਿਸ ਅਨੁਸਾਰ ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਕਿਉਂਕਿ ਨਿਆਗਰਾ ਫਾਲਜ਼ ’ਚੋਂ ਕਈ ਲਾਸ਼ਾਂ ਮਿਲੀਆਂ ਹਨ ਅਤੇ ਮ੍ਰਿਤਕ ਦੀ ਪਹਿਚਾਣ ਡੀਐਨਏ ਟੈਸਟ ਤੋਂ ਬਾਅਦ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਪਿੰਡ ਅੱਬੂਵਾਲ (22 ਸਾਲ) 10 ਮਹੀਨੇ ਪਹਿਲਾਂ ਸਟੱਡੀ ਬੇਸ ’ਤੇ ਕੈਨੇਡਾ ਗਿਆ ਸੀ। ਉੱਥੇ ਉਹ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਵਿੱਚ ਆਪਣੇ ਦੋਸਤਾਂ ਨਾਲ ਘਰ ਦੇ ਬੇਸਮੈਂਟ ਵਿੱਚ ਰਹਿ ਰਿਹਾ ਸੀ ਅਤੇ ਇੱਕ ਹਫ਼ਤੇ ਤੋਂ ਅਚਾਨਕ ਲਾਪਤਾ ਹੋ ਗਿਆ। ਉਹ ਕੰਮ ਲਈ ਘਰੋਂ ਨਿਕਲਿਆ ਅਤੇ ਵਾਪਸ ਨਹੀਂ ਆਇਆ।
ਦੋਸਤਾਂ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ –
ਜਦੋਂ ਚਰਨਦੀਪ ਸਿੰਘ ਕਈ ਦਿਨਾਂ ਤੋਂ ਕੰਮ ਤੋਂ ਵਾਪਸ ਨਹੀਂ ਆਇਆ ਅਤੇ ਉਸ ਦਾ ਮੋਬਾਈਲ ਫੋਨ ਬੰਦ ਹੋਣ ਲੱਗਾ ਤਾਂ ਉਸ ਦੇ ਨਾਲ ਰਹਿੰਦੇ ਉਸ ਦੇ ਦੋਸਤਾਂ ਨੇ ਸੋਸ਼ਲ ਮੀਡੀਆ ( ਇੰਸਟਾਗ੍ਰਾਮ ) ’ਤੇ ਪੋਸਟ ਪਾ ਕੇ ਉਸ ਬਾਰੇ ਜਾਣਕਾਰੀ ਦਿੱਤੀ ਅਤੇ ਜੇਕਰ ਉਹ ਕਿਤੇ ਗਿਆ ਹੋਵੇ ਤਾਂ ਉਸ ਦੇ ਵਾਪਸ ਆ ਜਾਵੇ ਜਾਂ ਕਿਸੇ ਨੂੰ ਮਿਲੇ ਤਾਂ ਉਸਦੀ ਸੂਚਨਾ ਦਿਤੇ ਗਏ ਨੰਬਰ ਤੇ ਦੇਣ ਲਈ ਲਿਖਿਆ। ਉਸ ਪੋਸਟ ਰਾਹੀਂ ਪੰਜਾਬ ਵਿੱਚ ਚਰਨਦੀਪ ਸਿੰਘ ਦੇ ਪਰਿਵਾਰ ਤੱਕ ਇਹ ਖ਼ਬਰ ਪਹੁੰਚ ਗਈ।
ਚਾਚੇ ਨੇ ਕੀਤੀ ਪੈਰਵਾਈ –
ਚਰਨਦੀਪ ਸਿੰਘ ਦਾ ਚਾਚਾ ਸੁਖਵਿੰਦਰ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿੰਦਾ ਹੈ ਅਤੇ 8 ਜੂਨ ਨੂੰ ਇੱਥੇ ਪੰਜਾਬ ਆਇਆ ਸੀ। ਜਦੋਂ ਉਨ੍ਹਾਂ ਨੂੰ ਚਰਨਦੀਪ ਸਿੰਘ ਦੇ ਅਚਾਨਕ ਲਾਪਤਾ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਥੋਂ ਦੀ ਪੁਲੀਸ ਨੂੰ ਸੂਚਨਾ ਦਿੱਤੀ। ਬੁੱਧਵਾਰ ਦੇਰ ਰਾਤ ਪੁਲਿਸ ਨੇ ਉਸ ਨੂੰ ਕੈਨੇਡਾ ਤੋਂ ਫੋਨ ਕਰਕੇ ਚਰਨਦੀਪ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ। ਜਦੋਂ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਵੇਂ ਕਹਿ ਸਕਦੇ ਹਨ ਕਿ ਚਰਨਦੀਪ ਸਿੰਘ ਨੇ ਨਿਆਗਰਾ ਫਾਲ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਤਾਂ ਪੁਲਿਸ ਨੇ ਦੱਸਿਆ ਕਿ ਉਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਉਹ ਨਿਆਗਰਾ ਫਾਲ ਵਿੱਚ ਛਾਲ ਮਾਰਦਾ ਨਜ਼ਰ ਆ ਰਿਹਾ ਹੈ। ਉਸ ਦੀ ਲਾਸ਼ ਕਈ ਦਿਨਾਂ ਤੱਕ ਪਾਣੀ ਵਿੱਚ ਪਈ ਰਹੀ। ਇਸ ਲਈ ਇਸ ਦੀ ਤੁਰੰਤ ਪਛਾਣ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਥੋਂ ਕਈ ਹੋਰ ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਚਰਨਦੀਪ ਸਿੰਘ ਦੀ ਲਾਸ਼ ਦਾ ਡੀਐਮਏ ਟੈਸਟ ਕਰਵਾਉਣ ਤੋਂ ਬਾਅਦ ਪਛਾਣ ਕੀਤੀ ਜਾਵੇਗੀ। ਪਰਿਵਾਰ ਦੇ ਮੈਂਬਰ ਦਾ ਸੈਂਪਲ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇੰਡੀਆ ਅੰਬੈਸੀ ਨੂੰ ਵੀ ਦਿੱਤੀ ਸੂਚਨਾ-
ਚਰਨਦੀਪ ਸਿੰਘ ਦੇ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਬੁੱਧਵਾਰ ਦੇਰ ਰਾਤ ਕਨੇਡਾ ਪੁਲਸ ਅਧਿਕਾਰੀ ਨੇ ਉਸਨੂੰ ਚਰਨਦੀਪ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦੇਣ ਲਈ ਕਿਹਾ ਸੀ। ਵੀਰਵਾਰ ਸਵੇਰੇ ਫਿਰ ਉਥੋਂ ਫੋਨ ਆਇਆ ਕਿ ਤੁਸੀਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਹੈ ਜਾਂ ਨਹੀਂ। ਸੁਖਮਿੰਦਰ ਸਿੰਘ ਨੇ ਚਰਨਦੀਪ ਦੀ ਮੌਤ ਦੀ ਪੁਸ਼ਟੀ ਕਰਨ ਲਈ ਕਿਹਾ ਤਾਂ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਸੀ.ਸੀ.ਟੀ.ਵੀ. ਫੁਟੇਜ ਹੈ ਅਤੇ ਅਸੀਂ ਅਗਲੇ ਦਿਨਾਂ ਵਿੱਚ ਤੁਹਾਨੂੰ ਇਸ ਤੋਂ ਫੋਟੋਆਂ ਭੇਜ ਸਕਦੇ ਹਾਂ। ਜੇਕਰ ਤੁਸੀਂ ਉਸਨੂੰ ਉਸਦੇ ਘਰ ਸੂਚਿਤ ਨਹੀਂ ਕਰ ਸਕਦੇ ਹੋ ਤਾਂ ਅਸੀਂ ਉਸਨੂੰ ਭਾਰਤੀ ਦੂਤਾਵਾਸ ਰਾਹੀਂ ਉਸਦੇ ਘਰ ਸੂਚਿਤ ਕਰਾਂਗੇ ਅਤੇ ਅਸੀਂ ਇਸ ਹਾਦਸੇ ਬਾਰੇ ਭਾਰਤੀ ਦੂਤਾਵਾਸ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕੇ ਹਾਂ।
ਇਕਲੌਤਾ ਪੁੱਤਰ ਸੀ ਚਰਨਦੀਪ ਸਿੰਘ-
ਮ੍ਰਿਤਕ ਚਰਨਦੀਪ ਸਿੰਘ ਦੀ ਇਕ ਭੈਣ ਅਤੇ ਇੱਕ ਭਰਾ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਉਸ ਨੂੰ ਦਸ ਮਹੀਨੇ ਪਹਿਲਾਂ ਕੈਨੇਡਾ ਭੇਜ ਦਿੱਤਾ। ਹੁਣ ਉਸਦੀ ਮੌਤ ਦੀ ਖਬਰ ਨੇ ਉਸਦੇ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਸਦਮਾ ਦਿੱਤਾ ਹੈ। ਪਿੰਡ ਅੱਬੂਵਾਲ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਜ਼ੋਰਾ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਚਰਨਦੀਪ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ।