ਜਗਰਾਉਂ, 27 ਜੂਨ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) – ਸਿਵਲ ਸਰਜਨ ਲੁਧਿਆਣਾ ਡਾ: ਜਸਵੀਰ ਸਿੰਘ ਔਲਖ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਐਸ.ਐਮ.ਓ ਹਠੂਰ ਦੀ ਅਗਵਾਈ ਹੇਠ ਪਿੰਡ ਚਚਰਾੜੀ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਸਿਹਤ ਸੁਪਰਵਾਈਜ਼ਰ ਅਮਨਦੀਪ ਸਿੰਘ ਨੇ ਕਿਹਾ ਕਿ ਮਲੇਰੀਆ ਦੀ ਰੋਕਥਾਮ ਹਰ ਇੱਕ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਕਿਸੇ ਖਾਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਦਿਨ-ਰਾਤ ਕੱਟਦੇ ਹਨ। ਮਲੇਰੀਆ ਬੁਖਾਰ ਦੇ ਲੱਛਣਾਂ ਵਿੱਚ ਠੰਡ ਲੱਗ ਕੇ ਬੁਖਾਰ ਹੋਣਾ, ਤੇਜ਼ ਬੁਖਾਰ, ਸਿਰ ਦਰਦ ਅਤੇ ਬੁਖਾਰ ਘੱਟ ਹੋਣ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਲੇਰੀਆ ਤੋਂ ਬਚਣ ਲਈ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਛੱਤਾਂ ’ਤੇ ਖਾਲੀ ਬਰਤਨਾਂ ਅਤੇ ਗਮਲਿਆਂ ਵਿਚ ਪਾਣੀ ਖੜ੍ਹਾ ਨਾ ਹੋਣ ਦਿਓ, ਛੱਪੜਾਂ ਆਦਿ ਵਿਚ ਪਾਣੀ ਵਿਚ ਕਾਲਾ ਤੇਲ ਛਿੜਕ ਕੇ ਰੱਖੋ ਅਤੇ ਸੌਣ ਸਮੇਂ ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਮੱਛਰ ਦੇ ਕੱਟਣ ਤੋਂ ਬਚਣ ਲਈ ਮੱਛਰ ਵਾਲੀ ਕਰੀਮ ਦਾ ਇਸਤੇਮਾਲ ਕਰੋ।ਇਸ ਮੌਕੇ ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਕਿਰਨਦੀਪ ਕੌਰ ਤੋਂ ਇਲਾਵਾ ਆਸ਼ਾ ਵਰਕਰਾਂ ਹਾਜ਼ਰ ਸਨ।