ਕਰਨਾਲ:, 5 ਮਈ ( ਬਿਊਰੋ)-ਹਰਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ 4 ਸ਼ੱਕੀ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸ਼ੱਕੀ ਦਹਿਸ਼ਤਗਰਦਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਗਏ ਹਨ। ਦਹਿਸ਼ਤਗਰਦ ਕੰਟੇਨਰ ਵਿਚ ਵੱਡੀ ਮਾਤਰਾ ਵਿਚ ਗੋਲੀਆਂ ਅਤੇ ਬਾਰੂਦ ਲੈ ਕੇ ਜਾ ਰਹੇ ਸਨ। ਪੁਲਿਸ ਮੁਤਾਬਕ ਬਰਾਮਦ ਬਾਰੂਦ (RDX) ਆਰਡੀਐਕਸ ਹੋ ਸਕਦਾ ਹੈ। ਫਿਲਹਾਲ ਪੁਲਿਸ ਦੀਆਂ ਕਈ ਟੀਮਾਂ ਮਾਮਲੇ ਦੀ ਜਾਂਚ ‘ਚ ਜੁਟੀਆਂ ਹੋਈਆਂ ਹਨ। ਪੁਲਿਸ ਮੁਤਾਬਕ ਇਹ ਦਹਿਸ਼ਤਗਰਦ ਕਈ ਥਾਵਾਂ ‘ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ।ਜਾਣਕਾਰੀ ਮੁਤਾਬਕ 4 ਸ਼ੱਕੀ ਦਹਿਸ਼ਤਗਰਦਾਂ ਕੋਲੋਂ ਬਾਰੂਦ, ਗੋਲੀਆਂ, ਹਥਿਆਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਵੀਰਵਾਰ ਸਵੇਰੇ 4 ਵਜੇ ਬਸਤਾਰਾ ਟੋਲ ਪਲਾਜ਼ਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਇਨੋਵਾ ਗੱਡੀ ਵਿੱਚ ਜਾ ਰਹੇ ਸਨ। ਮਧੂਬਨ ਥਾਣੇ ਦਾ ਬੰਬ ਨਿਰੋਧਕ ਦਸਤਾ ਮੌਕੇ ‘ਤੇ ਮੌਜੂਦ ਹੈ।ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਸਾਰੇ ਪੰਜਾਬ ਤੋਂ ਦਿੱਲੀ ਜਾ ਰਹੇ ਸਨ ਅਤੇ ਆਈ.ਬੀ ਦੀ ਰਿਪੋਰਟ ‘ਤੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਚਾਰੋਂ ਪੰਜਾਬ ਸਥਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਹਨ। ਇਨ੍ਹਾਂ ਨੂੰ ਫੜਨ ਲਈ ਆਈ.ਬੀ.ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ।
