ਪੰਜਾਬ ’ਚ ਇਸ ਸਮੇਂ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਮੁੱਦੇ ਨੂੰ ਲੈ ਕੇ ਕਾਫੀ ਹਲਚਲ ਮੱਚੀ ਹੋਈ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਤਾਂ ਮਹਾਰਾਣੀ ਪ੍ਰਨੀਤ ਕੌਰ ਨੇ ਉਸ ’ਤੇ ਪਲਟਵਾਰ ਕੀਤਾ। ਉਨ੍ਹਾਂ ਨੇ ਆਪਣੇ ਪਾਰਟੀ ਨੂੰ ਭੇਜੇ ਗਏ ਜਵਾਬ ਵਿਚ ਉਨ੍ਹਾਂ ਪਾਸੋਂ ਜਵਾਬ ਮੰਗਣ ਵਾਲੇ ਨੇਤਾਵਾਂ ਨੂੰ ਹੀ ਕਟਿਹਰੇ ਵਿਚ ਖੜ੍ਹਾ ਕਰਦਿਆਂ ਉਲਟਾ ਉਨ੍ਹਾਂ ਤੇ ਹੀ ਸਵਾਲਾਂ ਦੇ ਗੋਲੇ ਦਾਗ ਦਿਤੇ। ਇਥੇ ਅਹਿਮ ਗੱਲ ਇਹ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਲਿਖਿਤ ਭੇਜੇ ਗਏ ਜਵਾਬ ਵਿਚ ਇਕ ਬੜਾ ਅਹਿਮ ਖੁਲਾਸਾ ਕੀਤਾ ਹੈ ਜੋ ਕਿ ਬੜਾ ਮਹਤੱਵਪੂਰਨ ਅਤੇ ਵਿਚਾਰਨਯਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਨੇਤਾ ਅਜਿਹੇ ਹਨ, ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦੇ ਕੱਚੇ ਚਿੱਠੇ ਉਨ੍ਹੰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਪਾਸ ਮੌਜੂਦ ਹਨ। ਜੋ ਕਿ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪੁੱਛ ਲਓ। ਹੁਣ ਇਥੇ ਵੱਡਾ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਪਾਰਟੀ ’ਚ ਹੀ ਉਨ੍ਹਾਂ ਦੇ ਖਿਲਾਫ ਭਾਰੀ ਬਗਾਵਤ ਦੇ ਸੁਰ ਕਈ ਵਾਰ ਉੱਭਰੇ। ਉਸ ਸਮੇਂ ਕਈ ਵਾਰ ਅਜਿਹੀਆਂ ਚਰਚਾਵਾਂ ਵੀ ਹੋ ਚੁੱਕੀਆਂ ਹਨ ਕਿ ਕੈਪਟਨ ਖਿਲਾਫ ਬਗਾਵਤ ਕਰਨ ਵਾਲੇ ਆਗੂਆਂ ਦੇ ਭ੍ਰਿਸ਼ਟਾਚਾਰ ਅਤੇ ਹੋਰ ਕਾਲੇ ਕਾਰਨਾਮਿਆਂ ਦੇ ਕੱਚੇ ਚਿੱਠੇ ਉਨ੍ਹਾਂ ਪਾਸ ਮੌਜੂਦ ਹਨ ਅਤੇ ਉਹੀ ਡਰ ਦਿਖਾ ਕੇ ਕੈਪਟਨ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਹੁਣ ਮਹਾਰਾਣੀ ਪ੍ਰਨੀਤ ਕੌਰ ਨੇ ਇਸ ਗੱਲ ਦਾ ਸਬੂਤ ਲਿਖਤੀ ਰੂਪ ਵਿੱਚ ਵੀ ਸਪਸ਼ੱਟ ਕਰ ਦਿਤਾ ਹੈ। ਜਦੋਂ ਵੀ ਕੋਈ ਚੋਣ ਹੁੰਦੀ ਹੈ ਜਾਂ ਕਿਸੇ ਸੂਬੇ ਜਾਂ ਦੇਸ਼ ਦੀ ਸਰਕਾਰ ਗਠਿਤ ਹੁੰਦੀ ਹੈ ਤਾਂ ਉਸ ਸਰਕਾਰ ਦੇ ਮੁੱਖ ਮੰਤਰੀ , ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਸਮਾਦਮ ਕਰਕੇ ਸੰਵਿਧਾਨ ਦੀ ਪਾਲਣਾ ਕਰਨ ਅਤੇ ਸੂਬੇ ਪ੍ਰਤਤੀ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਦਵਾਈ ਜਾਂਦੀ ਹੈ। ਇਸ ਬਾਰੇ ਸਭ ਭਲੀ ਭਾਂਤੀ ਜਾਣਦੇ ਹਨ ਕਿ ਇਹ ਸਹੁੰ ਚੁੱਕ ਸਮੰਾਗਮ ਮਹਿਜ ਇਕ ਖਾਨਾ ਪੂਰਤੀ ਹੀ ਹੁੰਦਾ ਹੈ। ਕੋਈ ਵੀ ਰਾਜਨੇਤਾ ਸਬੁੰ ਦੇ ਅਨੁਸਾਰ ਸੰਵਿਧਾਨ ਦੀ ਪਾਲਣਾ ਇਮਾਨਦਾਰੀ ਨਾਲ ਨਹੀਂ ਕਰਦਾ। ਆਮ ਦੇਖਣ ਵਿਚ ਆਉਂਦਾ ਹੈ ਕਿ ਅਕਸਰ ਹੀ ਰਾਜਨੀਤੀ ਵਿਚ ਆਉਣ ਵਾਲੇ ਲੋਕਾਂ ਦੀ ਆਮਦਨੀ ਇਕ ਸਾਲ ਵਿਚ ਕਈ ਗੁਣਾ ਵਧ ਜਾਂਦੀ ਹੈ ਅਤੇ ਇਹ ਉਹ ਆਮਦਨੀ ਹੁੰਦੀ ਹੈ ਜੋ ਉਹ ਕਾਗਜਾਂ ਵਿਚ ਸ਼ੋ ਕਰਦੇ ਹਨ। ਇਸਤੋਂ ਇਲਾਵਾ ਹੋਰ ਆਮਦਨੀ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਰਹਿੰਦਾ। ਹੁਣ ਮਹਾਰਾਣੀ ਵੱਲੋਂ ਕੀਤੇ ਖੁਲਾਸੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਸਪੱਸ਼ਟ ਹੋ ਜਾਂਦੀ ਹੈ। ਜੇਕਰ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਅਨੁਸਾਰ ਸੰਵਿਧਾਨ ਦੀ ਪਾਲਣਾ ਇਮਾਨਦਾਰੀ ਨਾਲ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਨਾ ਪੈਂਦੇ। ਸਰਕਾਰ ਸਮੇਂ ਉਨ੍ਹਾਂ ਕਿਹਾ ਕਿ ਆਪਣੀ ਹੀ ਪਾਰਟੀ ਦੀ ਬਦਨਾਮੀ ਦੇ ਡਰੋਂ ਉਨ੍ਹਾਂ ਕਿਸੇ ਮੰਤਰੀ ਜਾਂ ਵਿਧਾਇਕ ਦਾ ਕੱਚਾ ਚਿੱਠਾ ਜਨਤਾ ਦੇ ਸਾਹਮਣੇ ਨਹੀਂ ਰੱਖਿਆ। ਵੈਸੇ ਤਾਂ ਤੁਹਾਨੂੰ ਬਤੌਰ ਮੁੱਖ ਮੰਤਰੀ ਪਾਰਟੀ ਨਾਲੋਂ ਵਧੇਰੇ ਹਿਤ ਸੂਬੇ ਦੇ ਸਮਝਣਏ ਚਾਹੀਦੇ ਸਨ। ਪਰ ਤੁਸੀਂ ਪਾਰਟੀ ਦੇ ਗਿਤਾਂ ਨੂੰ ਉੱਪਰ ਰੱਖਿਆ ਅਤੇ ਆਪਣੀ ਅਧੀਨਗੀ ਵਿਚ ਹੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਅੱਖਾਂ ਮੀਚ ਕੇ ਭ੍ਰਿਸ਼ਟਾਤਾਰ ਦੀ ਖੁੱਲ੍ਹ ਦਿਤੀ। ਪਰ ਹੁਣ ਤਾਂ ਤੁਸੀਂ ਮੁੱਖ ਮੰਤਰੀ ਨਹੀਂ ਹੋ ਅਤੇ ਨਾ ਹੀ ਉਹ ਕਾਂਗਰਸ ਦਾ ਨੇਤਾ ਹੋ। ਹੁਣ ਤਾਂ ਤੁਸੀਂ ਭਾਜਪਾ ਦੇ ਨੇਤਾ ਬਣ ਗਏ ਹੋ। ਇਸ ਲਈ ਹੁਣ ਕੀ ਮਜਬੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਦੇ ਸਮੇਂ ਦੇ ਜਿਹੜੇ ਭ੍ਰਿਸ਼ਟ ਨੇਤਾਵਾਂ ਨੂੰ ਬੇਨਕਾਬ ਨਹੀਂ ਕਰ ਸਕੇ ਤਾਂ ਹੁਣ ਕਿਉਂ ਨਹੀਂ ਕਰ ਦਿੰਦੇ ? ਹੁਣ ਕਿਸ ਗੱਲ ਦਾ ਤੁਹਾਨੂੰ ਡਰ ਹੈ ? ਜੇਕਰ ਭ੍ਰਿਸ਼ਟ ਨੇਤਾਵਾਂ ਨੂੰ ਬੇਨਕਾਬ ਕਰ ਦਿੰਦੇ ਹੋ ਤਾਂ ਅਸਲੀਅਤ ਜਨਤਾ ਸਾਹਮਣੇ ਆ ਜਾਵੇਗੀ। ਜਾਂ ਅਜਿਹਾ ਖੁਲਾਸਾ ਕਪਨ ਤੋਂ ਇਸ ਲਈ ਡਰ ਰਹੇ ਹੋ ਕਿ ਤੁਹਾਡੇ ਤੇ ਵੀ ਉਂਗਲ ਉੱਠ ਸਕਦੀ ਹੈ। ਇਸ ਲਈ ਕੈਪਟਨ ਸਾਹਿਬ ਜੇਕਰ ਤੁਸੀਂ ਸੱਚ ਮੁੱਚ ਹੀ ਇਕ ਇਮਾਨਦਾਰ ਅਤੇ ਨਿਧੜਕ ਨੇਤਾ ਹੋ ਤਾਂ ਬਿਨ੍ਹਾਂ ਦੇਰੀ ਭ੍ਰਿਸ਼ਟਾਚਾਰੀਆਂ ਦਾ ਜੋ ਕੱਚਾ ਚਿੱਠਾ ਤੁਹਾਡੇ ਪਾਸ ਹੈ ਉਸਨੂੰ ਜਨਤਕ ਕਰੋ ਤਾਂ ਜੋ ਅਜਿਹੇ ਲੋਕਾਂ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਲੋਕਾਂ ਦੀ ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਨੂੰ ਲੁੱਟਣ ਵਾਲੇ ਲੋਕਾਂ ਨੂੰ ਜੇਲ ਭੇਜਿਆ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਇਸ ਲਈ ਨਹੀਂ ਕਰ ਸਕੇ ਕਿਉਂਕਿ ਉਹ ਇੱਕ-ਇੱਕ ਕਰਕੇ ਉਨ੍ਹਾਂ ਸਾਰੇ ਆਗੂ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਸੋਚ ਲੈ ਕੇ ਚੱਲ ਰਹੇ ਹਨ। ਪਰ ਕੈਪਟਨ ਸਾਹਿਬ ਨੂੰ ਆਪਣੀ ਜ਼ਮੀਰ ਨੂੰ ਜਿੰਦਾ ਰੱਖਦੇ ਹੋਏ ਭਿ੍ਰਟਾਚਾਰੀਆ ਨੂੰ ਲਾਂਭੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ।