ਚੰਡੀਗੜ੍ਹ-(ਅਰਜੁਨ ਸਹਿਜਪਾਲ) ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਸ਼ਾਇਦ ਕਾਂਗਰਸ ਮੁਕਤ ਭਾਰਤ ਵੱਲ ਦੇਖ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ 2014 ਤੋਂ ਹੁਣ ਤੱਕ 39 ਚੋਣਾਂ ਹਾਰ ਚੁੱਕੀ ਹੈ, ਇਸ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੁਰਾਣੇ ਅੰਦਾਜ਼ ਵਿਚ ਵਾਪਸ ਆਉਣਾ ਹੋਵੇਗਾ। ਸੰਸਦ ਮੈਂਬਰ ਮਨੀਸ਼ ਤਿਵਾੜੀ ਅਸੰਤੁਸ਼ਟ ਨੇਤਾਵਾਂ ਦੇ ਜੀ-23 ਸਮੂਹ ਦਾ ਹਿੱਸਾ ਹਨ ਜੋ ਪਾਰਟੀ ਦੇ ਸੰਗਠਨਾਤਮਕ ਸੁਧਾਰਾਂ ਅਤੇ ਵਧੇਰੇ ਜਵਾਬਦੇਹੀ ਲਈ ਜ਼ੋਰ ਦੇ ਰਹੇ ਹਨ।ਜੀ-23 ਦੇ ਨੇਤਾਵਾਂ ਦੀ ਬੁੱਧਵਾਰ ਨੂੰ ਬੈਠਕ ਹੋਈ, ਜਿਸ ‘ਚ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਇਸ ਮੀਟਿੰਗ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਪਾਰਟੀ ਲਈ ਅੱਗੇ ਦਾ ਇੱਕੋ ਇੱਕ ਰਸਤਾ ਸਮੂਹਿਕ ਅਤੇ ਸ਼ਮੂਲੀਅਤ ਵਾਲੀ ਅਗਵਾਈ ਪ੍ਰਣਾਲੀ ਹੈ। ਬੁੱਧਵਾਰ ਨੂੰ ਹੋਈ ਜੀ-23 ਬੈਠਕ ਦੇ ਸੰਦਰਭ ‘ਚ ਪੁੱਛਿਆ ਗਿਆ ਕਿ ਕੀ ਹੁਣ ਇਕਤਰਫਾ ਫੈਸਲੇ ਲਏ ਜਾ ਰਹੇ ਹਨ?ਮਨੀਸ਼ ਤਿਵਾੜੀ ਨੇ ਕਿਹਾ, ”ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ‘ਤੇ ਪਾਰਟੀ ਦੇ 18 ਸੀਨੀਅਰ ਨੇਤਾਵਾਂ ਨੇ ਮੁਲਾਕਾਤ ਕੀਤੀ, ਜਿਨ੍ਹਾਂ ‘ਚ 5 ਸਾਬਕਾ ਮੁੱਖ ਮੰਤਰੀ, 7 ਸਾਬਕਾ ਕੇਂਦਰੀ ਮੰਤਰੀ ਅਤੇ ਹੋਰ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਸ਼ਾਮਲ ਹਨ। ਕਈ ਹੋਰ ਆਗੂ ਹੋਲੀ ਕਾਰਨ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਖਾਸ ਤੌਰ ‘ਤੇ ਜਦੋਂ ਅਸੀਂ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਕੁਝ ਮਹੱਤਵਪੂਰਨ ਸੁਧਾਰਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਇਕ ਪੱਤਰ ਲਿਿਖਆ ਸੀ। ਉਦੋਂ ਤੋਂ ਕਾਂਗਰਸ 11 ਸੂਬਿਆਂ ਵਿਚ ਹਾਰ ਗਈ ਹੈ।ਮਨੀਸ਼ ਤਿਵਾੜੀ ਨੇ ਕਿਹਾ ਕਿ ਸਪੱਸ਼ਟ ਤੌਰ ‘ਤੇ ਸਮੱਸਿਆ ਤਾਂ ਹੈ- ਜ਼ਮੀਨੀ ਹਕੀਕਤ ਅਤੇ ਫੈਸਲੇ ਲੈਣ ਦੇ ਵਿਚਕਾਰ ਇਕ ਡਿਸਕਨੈਕਟ ਹੈ। ਚੋਣਾਂ ‘ਚ ਕਾਂਗਰਸ ਦੀ ਲਗਾਤਾਰ ਹਾਰ ‘ਤੇ ਉਹਨਾਂ ਕਿਹਾ, ”ਇਸ ਗੱਲ ‘ਤੇ ਜ਼ੋਰ ਨਹੀਂ ਦਿੱਤਾ ਜਾ ਸਕਦਾ ਕਿ ਕਾਂਗਰਸ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਅਸੀਂ 2014 ਅਤੇ 2019 ਵਿਚ ਹਾਰੇ… 2014 ਤੋਂ ਲੈ ਕੇ ਹੁਣ ਤੱਕ 49 ਵਿਧਾਨ ਸਭਾ ਚੋਣਾਂ ਵਿਚੋਂ, ਅਸੀਂ 39 ਚੋਣਾਂ ਹਾਰੇ ਹਾਂ। ਅਸੀਂ ਸਿਰਫ਼ ਚਾਰ ਚੋਣਾਂ ਹੀ ਜਿੱਤ ਸਕੇ ਹਾਂ। ਅਸੀਂ ਸੱਚਮੁੱਚ ਬਹੁਤ ਗੰਭੀਰ ਸਥਿਤੀ ਨੂੰ ਦੇਖ ਰਹੇ ਹਾਂ। ”ਮਨੀਸ਼ ਤਿਵਾੜੀ ਨੇ ਕਿਹਾ, “ਹਰ ਰਾਜਨੀਤਿਕ ਪਾਰਟੀ ਜਾਂ ਹਰ ਰਾਜਨੀਤਿਕ ਅੰਦੋਲਨ ਆਖਰਕਾਰ ਇਕ ਵਿਚਾਰ ਹੁੰਦਾ ਹੈ। ਕਾਂਗਰਸ ਦਾ ਵਿਚਾਰ ਜੋ 1885 ਜਿੰਨਾ ਪੁਰਾਣਾ ਹੈ, ਅਲੋਪ ਹੁੰਦਾ ਜਾਪਦਾ ਹੈ। ਕਿਸੇ ਵੀ ਰਾਜਨੀਤਿਕ ਸੰਗਠਨ ਵਿਚ ਪੰਜ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ – ਵਿਚਾਰ, ਲੀਡਰਸ਼ਿਪ, ਨਰੇਟਿਵ, ਸੰਗਠਨ ਅਤੇ ਸਰੋਤਾਂ ਤੱਕ ਪਹੁੰਚ।” ਕਾਂਗਰਸ ਸਾਂਸਦ ਨੇ ਕਿਹਾ, ”1998 ਤੋਂ 2017 ਤੱਕ ਸੋਨੀਆ ਗਾਂਧੀ ਦੇ ਰੂਪ ‘ਚ ਜਿਸ ਲੀਡਰਸ਼ਿਪ ਨੇ ਸਾਡੀ ਅਗਵਾਈ ਕੀਤੀ, ਉਹ ਕਾਂਗਰਸ ਦੇ ਵੱਡੇ ਹਿੱਸੇ ਲਈ ਸ਼ਾਇਦ ਅਜੇ ਵੀ ਸਭ ਤੋਂ ਸਵੀਕਾਰਯੋਗ ਲੀਡਰਸ਼ਿਪ ਹੈ ਪਰ ਫਿਰ ਸੋਨੀਆ ਗਾਂਧੀ ਨੂੰ ਆਪਣੇ ਪੁਰਾਣੇ ਅੰਦਾਜ਼ ਵਿਚ ਵਾਪਸ ਆਉਣਾ ਚਾਹੀਦਾ ਹੈ ਅਤੇ ਜਵਾਬਦੇਹੀ ਦੇ ਸਿਧਾਂਤ ਨੂੰ ਲਾਗੂ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਜੋ ਬਦਕਿਸਮਤੀ ਨਾਲ 2017 ਤੋਂ ਗਾਇਬ ਹੈ।