ਜਗਰਾਓਂ, 17 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )-ਕਾਰ ਸਵਾਰ ਪੰਜ ਅਣਪਛਾਤੇ ਲੁਟੇਰਿਆਂ ਨੇ ਪਸ਼ੂ ਵਪਾਰੀ ਅਤੇ ਉਸਦੇ ਸਾਥੀਆਂ ਨੂੰ ਘੇਰ ਕੇ ਚਾਕੂ ਦੀ ਨੋਕ ’ਤੇ ਲੁੱਟ ਲਿਆ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿੱਚ ਪੰਜ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏਐਸਆਈ ਅਨਵਰ ਮਸੀਹ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਪਾਲ ਸਿੰਘ ਵਾਸੀ ਪਿੰਡ ਕੋਠੇ ਖੰਜੂਰਾ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਪਸ਼ੂਆਂ ਦਾ ਵਪਾਰ ਕਰਦਾ ਹੈ। ਜਦੋਂ ਉਹ 16 ਅਪਰੈਲ ਨੂੰ ਸਵੇਰੇ 4.15 ਵਜੇ ਦੇ ਕਰੀਬ ਇੱਕ ਕਿਰਾਏ ਦਾ ਛੋਟਾ ਹਾਥੀ ਟੈਂਪੂ ਲੈ ਕੇ, ਜਿਸ ਦਾ ਡਰਾਈਵਰ ਤਰਸੇਮ ਸਿੰਘ ਅਤੇ ਉਸ ਦਾ ਸਾਥੀ ਮਜ਼ਦੂਰ ਰਣਜੀਤ ਸਿੰਘ ਉਰਫ਼ ਰਿੰਕੂ ਵਾਸੀ ਅਮਰਗੜ੍ਹ ਕਲੇਰ ਉਸ ਦੇ ਨਾਲ ਬਿਸਰਾਮਪੁਰ ਜ਼ਿਲ੍ਹਾ ਕਪੂਰਥਲਾ ਤੋਂ ਪਸ਼ੂਆਂ ਨੂੰ ਚੁੱਕਣ ਲਈ ਜਾ ਰਹੇ ਸਨ। ਜਦੋਂ ਅਸੀਂ ਸਿੱਧਵਾਂਬੇਟ ਰੋਡ ਜਗਰਾਉਂ ਨੇੜੇ ਬਿਜਲੀ ਘਰ ਕੋਲ ਪਹੁੰਚੇ ਤਾਂ ਪਿੱਛੇ ਤੋਂ ਇੱਕ ਚਿੱਟੇ ਰੰਗ ਦੀ ਕਾਰ ਸਾਡਾ ਪਿੱਛਾ ਕਰ ਰਹੀ ਸੀ। ਜਿਸ ਨੇ ਸਾਨੂੰ ਟਾਰਚ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ। ਪਰ ਅਸੀਂ ਟੈਂਪੂ ਨਾ ਰੋਕਿਆ ਤਾਂ ਉਨ੍ਹਾਂ ਨੇ ਆਪਣੀ ਕਾਰ ਸਾਡੇ ਟੈਂਪੂ ਦੇ ਅੱਗੇ ਲਾ ਕੇ ਸਾਨੂੰ ਘੇਰ ਲਿਆ। ਗੱਡੀ ਵਿੱਚੋਂ ਚਾਰ ਅਣਪਛਾਤੇ ਵਿਅਕਤੀ ਬਾਹਰ ਨਿਕਲੇ, ਜਿਨ੍ਹਾਂ ਦੇ ਹੱਥਾਂ ਵਿੱਚ ਲੱਕੜ ਦੇ ਡੰਡੇ ਅਤੇ ਇੱਕ ਕੋਲ ਚਾਕੂ ਸੀ। ਇਨ੍ਹਾਂ ਵਿੱਚ ਕਾਰ ਦਾ ਡਰਾਈਵਰ ਕਾਰ ਵਿੱਚ ਹੀ ਬੈਠਾ ਹੈ। ਉਨ੍ਹਾਂ ਪਹਿਲਾਂ ਛੋਟਾ ਹਾਥੀ ਟੈਂਪੋ ਦੀ ਚਾਬੀ ਕੱਢੀ ਅਤੇ ਡਰਾਈਵਰ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸ ਦੀ ਜੇਬ ਵਿੱਚੋਂ ਚਾਰ-ਪੰਜ ਹਜ਼ਾਰ ਰੁਪਏ ਕੱਢ ਲਏ। ਇਸ ਤੋਂ ਬਾਅਦ ਇੱਕ ਵਿਅਕਤੀ ਮੇਰੇ ਕੋਲ ਆਇਆ ਜਿਸ ਕੋਲ ਚਾਕੂ ਸੀ। ਉਸ ਨੇ ਚਾਕੂ ਦੀ ਨੋਕ ’ਤੇ ਮੇਰੀ ਜੇਬ ਵਿਚੋਂ 83 ਹਜ਼ਾਰ ਰੁਪਏ ਕੱਢ ਲਏ ਅਤੇ ਮੇਰਾ ਪਰਸ ਕੱਢ ਲਿਆ, ਜਿਸ ’ਚ 7 ਹਜ਼ਾਰ ਰੁਪਏ ਦੀ ਨਕਦੀ, ਡਰਾਈਵਿੰਗ ਲਾਇਸੈਂਸ, ਏ.ਟੀ.ਐੱਮ. ਅਤੇ ਮੋਟਰਸਾਈਕਲ ਦੀ ਆਰਸੀ ਅਤੇ ਮੇਰਾ ਆਧਾਰ ਕਾਰਡ ਸੀ। ਲੁਟੇਰੇ ਲੁੱਟ ਕਰਨ ਤੋਂ ਬਾਅਦ ਉਥੋਂ ਆਪਣੀ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ।