ਜਗਰਾਉਂ, 17 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਸਦਰ ਰਾਏਕੋਟ ਅਤੇ ਥਾਣਾ ਹਠੂਰ ਦੀਆਂ ਪੁਲਿਸ ਪਾਰਟੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਕੈਪਸੂਲ, ਗੋਲੀਆਂ ਅਤੇ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਦਰ ਰਾਏਕੋਟ ਤੋਂ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਐਸ.ਆਈ ਬੂਟਾ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਪਿੰਡ ਭੈਣੀ ਬਡਿੰਗਾ ਮੌਜੂਦ ਸਨ। ਉਥੇ ਇਤਲਾਹ ਮਿਲੀ ਸੀ ਕਿ ਲਾਭ ਸਿੰਘ ਉਰਫ ਲੱਭਾ ਵਾਸੀ ਪਿੰਡ ਜੌਹਲਾਂ ਅਤੇ ਮਨਪ੍ਰੀਤ ਸਿੰਘ ਉਰਫ ਖੀਰੀ ਵਾਸੀ ਬਾਬਾ ਜੀਵਨ ਸਿੰਘ ਨਗਰ ਬੱਧਨੀ ਜ਼ਿਲਾ ਮੋਗਾ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਪਿੰਡ ਪੁਲ ਸੂਆ ਬਾਹਦ ਜੌਹਲਾਂ ਤੋਂ ਲੋਹਟਬੱਦੀ ਨੂੰ ਜਾਂਦੀ ਸੜਕ ’ਤੇ ਬੈਠੇ ਗਾਹਕਾਂ ਨੂੰ ਸਪਲਾਈ ਕਰ ਰਹੇ ਹਨ। ਇਸ ਸੂਚਨਾ ’ਤੇ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ ਲਾਭ ਸਿੰਘ ਉਰਫ਼ ਲੱਭਾ ਅਤੇ ਮਨਪ੍ਰੀਤ ਸਿੰਘ ਉਰਫ਼ ਖੀਰੀ ਕੋਲੋਂ 193 ਨਸ਼ੀਲੇ ਕੈਪਸੂਲ ਅਤੇ 1 ਗ੍ਰਾਮ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ। ਦੋਵਾਂ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਹਠੂਰ ਤੋਂ ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਏ.ਐੱਸ.ਆਈ ਸੁਰਜੀਤ ਸਿੰਘ ਅਤੇ ਪੁਲਸ ਪਾਰਟੀ ਸਮੇਤ ਹਠੂਰ ਬੱਸ ਅੱਡਾ ਹਠੂਰ ’ਤੇ ਚੈਕਿੰਗ ਲਈ ਮੌਜੂਦ ਸਨ। ਉੱਥੇ ਸੂਚਨਾ ਮਿਲੀ ਸੀ ਕਿ ਹਠੂਰ ਨਿਵਾਸੀ ਸੁਰਿੰਦਰ ਸਿੰਘ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੇ ਘਰ ’ਚ ਗਾਹਕਾਂ ਨੂੰ ਸਪਲਾਈ ਕਰ ਰਿਹਾ ਹੈ। ਇਸ ਸੂਚਨਾ ’ਤੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਸੁਰਿੰਦਰ ਸਿੰਘ ਉਰਫ ਕਾਲਾ ਨੂੰ 95 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।