Home ਪਰਸਾਸ਼ਨ ਜ਼ਿਲ੍ਹਾ ਸੰਗਰੂਰ Dc/ssp ਵੱਲੋਂ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਨਿਵੇਕਲੀ ਪਹਿਲਕਦਮੀ

ਜ਼ਿਲ੍ਹਾ ਸੰਗਰੂਰ Dc/ssp ਵੱਲੋਂ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਨਿਵੇਕਲੀ ਪਹਿਲਕਦਮੀ

39
0

ਪਹਿਲੇ ਪੜਾਅ ’ਚ 100 ਨਸ਼ਾ ਪੀੜਤਾਂ ਨੂੰ ਨਸ਼ਾ ਮੁਕਤ ਕਰਕੇ ਮੁਹੱਈਆ ਕਰਵਾਇਆ ਜਾਵੇਗਾ ਰੋਜ਼ਗਾਰ

    ਸੁਨਾਮ 8 ਫਰਵਰੀ (ਭਗਵਾਨ ਭੰਗੂ-ਲਿਕੇਸ ਸ਼ਰਮਾ  ) –

ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੁਆਰਾ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਰੰਗਲਾ ਬਣਾਉਣ ਦੀ ਚਲਾਈ ਜਾ ਰਹੀ ਮੁਹਿੰਮ ਵਿੱਚ ਆਪਣਾ ਨਿਵੇਕਲਾ ਯੋਗਦਾਨ ਪਾਉਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਐਲਾਨ ਕੀਤਾ ਕਿ ਪਹਿਲੇ ਪੜਾਅ ਵਜੋਂ ਜ਼ਿਲ੍ਹਾ ਸੰਗਰੂਰ ’ਚ 100 ਨਸ਼ਾ ਪੀੜਤਾਂ ਦੀ ਪਛਾਣ ਕਰਕੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਇਲਾਜ ਕਰਵਾ ਕੇ ਰੋਗ ਮੁਕਤ ਕਰਨ ਮਗਰੋਂ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਸੁਨਾਮ ਸ਼ਹਿਰ ਦੀ ਜੋਗੀਆਂ ਬਸਤੀ ਵਿਖੇ ਨਸ਼ਿਆਂ ਦੇ ਕੋਹੜ ਦੇ ਮੁਕੰਮਲ ਸਫ਼ਾਏ ਦਾ ਸੱਦਾ ਦੇਣ ਪੁੱਜੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਇੱਕ ਵੱਡੀ ਸਮਾਜਿਕ ਬੁਰਾਈ ਹੈ ਜਿਸ ਦਾ ਖਾਤਮਾ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਸਤੀ ਨਿਵਾਸੀਆਂ ਨੂੰ ਦੱਸਿਆ ਕਿ ਘਾਬਦਾਂ ਵਿਖੇ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਵਿਖੇ ਇਲਾਜ ਕਰਵਾਉਣ ਵਾਲੇ ਨਾਗਰਿਕ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਉਸਾਰੂ ਗਤੀਵਿਧੀਆਂ ਜਿਵੇਂ ਯੋਗਾ, ਕਸਰਤ, ਖੇਡਾਂ, ਲਾਇਬ੍ਰੇਰੀ, ਮੋਬਾਇਲ ਰਿਪੇਅਰ, ਬਿਜਲੀ ਰਿਪੇਅਰ ਆਦਿ ਵਿੱਚ ਹਿੱਸਾ ਲੈਂਦੇ ਹਨ ਅਤੇ ਨਸ਼ਾ ਤਿਆਗਣ ਉਪਰੰਤ ਇਹ ਨਾਗਰਿਕ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਹਾਸਲ ਕਰਕੇ ਭਵਿੱਖ ਵਿੱਚ ਆਪਣੇ ਪਰਿਵਾਰ ਨਾਲ ਖੁਸ਼ਹਾਲ ਜਿੰਦਗੀ ਬਤੀਤ ਕਰਨ ਦੇ ਸਮਰੱਥ ਬਣਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਾ ਕਰਦਾ ਹੈ ਬਦਨਾਮੀ ਦੇ ਡਰ ਨਾਲ ਉਸ ਦੇ ਵੇਰਵੇ ਛੁਪਾਏ ਨਾ ਜਾਣ ਬਲਕਿ ਰਾਹ ਤੋਂ ਭਟਕਣ ਵਾਲਿਆਂ ਨੂੰ ਚੰਗੇ ਰਾਹ ’ਤੇ ਲਿਆਉਣ ਲਈ ਸਰਕਾਰ ਦੀ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਜਾਵੇ। ਸ਼੍ਰੀ ਜੋਰਵਾਲ ਨੇ ਕਿਹਾ ਕਿ ਗਲਤਫਹਿਮੀ ਜਾਂ ਮਾੜੀ ਸੰਗਤ ਕਾਰਨ ਜੇਕਰ ਕੋਈ ਨਾਗਰਿਕ ਨਸ਼ਿਆਂ ਦੀ ਗ੍ਰਿਫਤ ਵਿੱਚ ਫਸ ਗਿਆ ਹਾਂ ਤਾਂ ਉਸ ਨੂੰ ਸੁਧਾਰਨ ਦੀ ਸਭ ਦੀ ਨੈਤਿਕ ਜਿੰਮੇਵਾਰੀ ਹੈ ਅਤੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਅਜਿਹੇ ਭਟਕੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਜਾਂ ਨਸ਼ਾ ਤਸਕਰੀ ਕਰਨ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।

ਇਸ ਮੌਕੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਿਲਾਫ਼ ਜੰਗ ਜਾਰੀ ਹੈ। ਅਤੇ ਪਿੰਡਾਂ ਵਿੱਚ ਲੋਕ ਵੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਨਸ਼ਾ ਪੀੜਤ ਹਨ, ਉਨ੍ਹਾਂ ਨੂੰ ਮੁੜ ਵਸੇਬਾ ਕੇਂਦਰ ਵਿੱਚ ਯੋਗ ਇਲਾਜ ਕਰਵਾ ਕੇ ਹੁਨਰਮੰਦ ਬਣਾਉਣ ਮਗਰੋਂ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਸਹਿਯੋਗ ਨਾਲ ਰੋਜ਼ਗਾਰ ਦੇਣਾ ਵੀ ਪ੍ਰਮੁੱਖ ਟੀਚਾ ਹੈ । ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਅਤੇ ਇਸ ਤੋਂ ਬਾਅਦ ਇਸ ਪਾਇਲਟ ਪ੍ਰੋਜੈਕਟ ਦਾ ਹੋਰ ਵਿਸਥਾਰ ਕੀਤਾ ਜਾਵੇਗਾ।

ਇਸ ਮੌਕੇ ਨਿਤੇਸ਼ ਜੈਨ ਸਹਾਇਕ ਕਮਿਸ਼ਨਰ (ਯੂ.ਟੀ), ਜਸਪ੍ਰੀਤ ਸਿੰਘ ਐਸ.ਡੀ.ਐਮ, ਮਨਪ੍ਰੀਤ ਸਿੰਘ ਐਸ.ਪੀ, ਭਰਪੂਰ ਸਿੰਘ ਡੀ.ਐਸ.ਪੀ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਸੀ.ਡੀ.ਆਈ.ਸੀ ਦੇ ਪ੍ਰਧਾਨ ਘਨਸ਼ਿਆਮ ਕਾਂਸਲ, ਸੰਜੀਵ ਕੁਮਾਰ ਸੰਜੂ, ਮਨਪ੍ਰੀਤ ਬਾਂਸਲ, ਰਵੀਕਮਲ ਗੋਇਲ, ਸਾਹਿਬ ਸਿੰਘ, ਕੁਲਵੀਰ ਭੰਗੂ, ਭਾਨੂੰ ਪ੍ਰਤਾਪ, ਸਾਹਿਲ ਗਿੱਲ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here