ਰੂਪਨਗਰ, 10 ਫਰਵਰੀ (ਵਿਕਾਸ ਮਠਾੜੂ – ਅਸ਼ਵਨੀ) : ਡੀ.ਸੀ. ਰੂਪਨਗਰ ਡਾ.ਪ੍ਰੀਤੀ ਯਾਦਵ ਵਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਧਾਰ ਕਾਰਡ ਦੇ ਵੇਰਵੇ, ਘਰ ਦਾ ਪਤਾ, ਨਾਮ ਨੂੰ ਜਲਦ ਤੋਂ ਜਲਦ ਅਪਡੇਟ ਕਰਵਾਉਣ ।ਇਨ੍ਹਾਂ ਸ਼ਬਦਾਂ ਪ੍ਰਗਟਾਵਾ ਉਨ੍ਹਾਂ ਡੀ.ਏ.ਵੀ ਪਬਲਿਕ ਸਕੂਲ ਰੋਪੜ ਵਿਖੇ ਆਧਾਰ ਕਾਰਡ ਅਪਡੇਟ ਸੈਂਟਰ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਸੈਂਟਰ ਵਿਖੇ ਚੱਲ ਰਹੇ ਆਧਾਰ ਅਪਡੇਟ ਕਾਰਜਾਂ ਦਾ ਜਾਇਜ਼ਾ ਲਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਕਰੀਬ 12 ਸਾਲ ਪਹਿਲਾਂ ਆਧਾਰ ਸੇਵਾਵਾਂ ਨੂੰ ਸ਼ੁਰੂ ਕੀਤਾ ਸੀ। ਇਨ੍ਹਾਂ ਸਾਲਾਂ ਵਿੱਚ ਬਹੁਤ ਸਾਰੇ ਨਾਗਰਿਕਾਂ ਨੇ ਆਪਣਾ ਪਤਾ ਬਦਲ ਲਿਆ ਹੈ ਅਤੇ ਆਪਣੇ ਆਧਾਰ ਕਾਰਡ ਅਪਡੇਟ ਕੀਤੇ ਹਨ, ਹਾਲਾਂਕਿ, ਕੁਝ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਇਸ ਲਈ ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨ ਦੀ ਅਪੀਲ ਕੀਤੀ। ਕਿਉਂਕਿ ਆਧਾਰ ਦੀ ਵਰਤੋਂ ਵੱਖ-ਵੱਖ ਥਾਵਾਂ ‘ਤੇ ਹੁੰਦੀ ਹੈ ਇਸ ਨੂੰ ਅਪਡੇਟ ਰੱਖਣਾ ਬਹੁਤ ਮਹੱਤਵਪੂਰਨ ਹੈ ਤਾਂ ਕਿ ਆਧਾਰ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਕੇ ਆਪਣੀ ਜਾਣਕਾਰੀ ਨੂੰ ਮੁੜ ਪ੍ਰਮਾਣਿਤ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਕਿ ਉਹਨਾਂ ਦੇ ਜਨਸੰਖਿਆ ਡੇਟਾ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ।ਉਨਾਂ ਕਿਹਾ ਕਿ ਜੇਕਰ ਕਿਸੇ ਦਾ ਮੋਬਾਈਲ ਨੰਬਰ ਆਧਾਰ ‘ਤੇ ਰਜਿਸਟਰਡ ਹੈ,ਤਾਂ ਉਹ https://myaadhaar.uidai.gov.in ”ਤੇ ਆਨਲਾਈਨ ਜਾ ਕੇ ਇਸ ਸੇਵਾ ਦਾ ਲਾਭ ਲੈ ਸਕਦੇ ਹਨ।ਡਾ. ਪ੍ਰੀਤੀ ਯਾਦਵ ਨੇ ਵਾਧੂ ਜਾਣਕਾਰੀ ਦਿੰਦਿਆਂ ਕਿਹਾ ਕਿ ਯੂ.ਆਈ.ਡੀ.ਏ.ਆਈ. ਨੇ ਪੋਰਟਲ ਵਿੱਚ ਦਸਤਾਵੇਜ਼ ਅੱਪਡੇਟ ਫੀਚਰ ਰਾਹੀਂ ਆਧਾਰ ਵਿੱਚ ਦਸਤਾਵੇਜ਼ ਅਪਡੇਟ ਦੀ ਇੱਕ ਨਵੀਂ ਕਾਰਜਪ੍ਰਣਾਲੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਸਨੀਕਾਂ ਨੇ 8 ਤੋਂ 10 ਸਾਲ ਪਹਿਲਾਂ (2015 ਤੋਂ ਪਹਿਲਾਂ) ਆਧਾਰ ਲਈ ਨਾਮ ਦਰਜ ਕਰਵਾਇਆ ਸੀ, ਉਨ੍ਹਾਂ ਨੂੰ ਦਸਤਾਵੇਜ਼ ਅੱਪਡੇਟ ਕਰਨੇ ਚਾਹੀਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਸ ਵਿਚ 18 ਸਾਲ ਤੋਂ ਘੱਟ ਉਮਰ ਦੀ ਆਬਾਦੀ ਨੂੰ ਇਸ ਅੱਪਡੇਟ ਪ੍ਰੋਗਰਾਮ ਰਾਹੀਂ ਤੇਜ਼ੀ ਨਾਲ ਕਵਰ ਕੀਤਾ ਜਾ ਸਕੇਗਾ।ਇਸ ਮੌਕੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਕਮਲ ਕੁਮਾਰ ਤੇ ਡੀ.ਏ.ਵੀ. ਪਬਲਿਕ ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਹਾਜ਼ਰ ਸਨ।
