ਜੌੜੇਪੁਲ ਜਰਗ, 4 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸੀਵੀਐੱਚ ਸਿਰਥਲਾ ਦੇ ਵੈਟਰਨਰੀ ਅਫਸਰ ਡਾ. ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਵੈਟਰਨਰੀ ਟੀਮ ਸਿਰਥਲਾ ਵੱਲੋਂ ਇਲਾਕੇ ਦੇ ਚਾਰ ਪਿੰਡਾਂ ਸਿਰਥਲਾ, ਮਾਂਹਪੁਰ, ਜ਼ੁਲਮਗੜ੍ਹ ਤੇ ਭਰਥਲਾ ਰੰਧਾਵਾ ਵਿਖੇ ਪਸ਼ੂਆਂ ਨੂੰ ਹੋਣ ਵਾਲੀ ਗਲ਼ਘੋਟੂ ਦੀ ਜਾਨਲੇਵਾ ਬਿਮਾਰੀ ਦੇ ਬਚਾਓ ਲਈ ਘਰ ਘਰ ਜਾਕੇ ਪਸ਼ੂਆਂ ਦੇ ਟੀਕੇ ਲਗਾਏ ਗਏ।ਵੈਟਰਨਰੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਇਨ੍ਹੀਂ ਦਿਨੀਂ ਪੰਜਾਬ ‘ਚ ਕਈ ਥਾਵਾਂ ‘ਤੇ ਪਸ਼ੂਆਂ ‘ਚ ਗਲ਼ਘੋਟੂ ਦੀ ਬਿਮਾਰੀ ਪਾਈ ਜਾ ਰਹੀ ਹੈ, ਜਿਸ ਨੂੰ ਮੁਖ ਰੱਖਦਿਆਂ ਪੰਜਾਬ ਸਰਕਾਰ ਤੇ ਮਹਿਕਮੇ ਵੱਲੋਂ ਪਿੰਡ-ਪਿੰਡ, ਘਰ-ਘਰ ਜਾ ਕੇ ਪਸ਼ੂਆਂ ਨੂੰ ਟੀਕੇ ਲਗਾਏ ਜਾ ਰਹੇ ਹਨ ਤੇ ਉਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪੋ ਆਪਣੇ ਪਸ਼ੂਆਂ ਨੂੰ ਇਹ ਟੀਕੇ ਜ਼ਰੂਰ ਲਗਵਾਉਣੇ ਚਾਹੀਦੇ ਹਨ। ਇਸ ਮੌਕੇ ਕ੍ਰਿਸ਼ਨ ਸਿੰਘ ਦਰਜਾ ਚਾਰ ਮੁਲਾਜ਼ਮ ਤੇ ਧਰਮ ਸਿੰਘ ਗੱਜਣਮਾਜਰਾ ਹਾਜ਼ਰ ਸਨ।