ਮੋਗਾ 7 ਫਰਵਰੀ ( ਅਸ਼ਵਨੀ, ਮੋਹਿਤ ਜੈਨ) -ਕਿਸਾਨਾਂ ਨੂੰ ਉੱਚ ਮਿਆਰੀ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਾਉਣ ਲਈ ਕੁਆਲਟੀ ਕੰਟਰੋਲ ਮੁਹਿੰਮ ਦੌਰਾਨ ਡਾ: ਗੁਰਪ੍ਰੀਤ ਸਿੰਘ ਇਨਸੈਕਟੀਸਾਈਡ ਇੰਸਪੈਕਟਰ, ਕੋਟ ਈਸੇ ਖਾਂ ਵੱਲੋਂ ਮਿਤੀ 14 ਜੁਲਾਈ 2016 ਨੂੰ ਮੈਸ: ਬਰਾੜ ਖੇਤੀ ਸੇਵਾ ਸੈਂਟਰ ਜਲਾਲਾਬਾਦ ਪੂਰਬੀ ਦੀ ਦੁਕਾਨ ਤੋਂ ਕਾਰਟਪਹਾਈਡ੍ਰੋਕਲੋਰਾਈਡ 4 ਪ੍ਰਤੀਸ਼ਤ ਜੀ ਦਾ ਸੈਂਪਲ ਭਰਿਆ ਗਿਆ ਸੀ ਜੋ ਪਰਖ ਕਰਨ ਉਪਰੰਤ ਫੇਲ੍ਹ ਪਾਇਆ ਗਿਆ ਸੀ।
ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੋਗਾ ਵੱਲੋਂ ਮਾਨਯੋਗ ਅਦਾਲਤ ਵਿਚ ਕੇਸ ਦਾਇਰ ਕਰਵਾਇਆ ਗਿਆ ਸੀ। ਇਸ ਕੇਸ ਦੀ ਪੈਰ੍ਹਵਾਈ ਡਾ: ਗੁਰਪ੍ਰੀਤ ਸਿੰਘ ਇਨਸੈਕਟੀਸਾਈਡ ਇੰਸਪੈਕਟਰ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਕੇਸ ਦੇ ਅੰਤਿਮ ਫੈਸਲੇ ਵਿਚ ਮਾਨਯੋਗ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਮੋਗਾ ਵੱਲੋਂ ਡੀਲਰ ਮੈਸ: ਬਰਾੜ ਖੇਤੀਬਾੜੀ ਸੇਵਾ ਸੈਂਟਰ, ਜਲਾਲਾਬਾਦ ਪੂਰਬੀ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਜਲਾਲਾਬਾਦ, ਡਿਸਟ੍ਰੀਬਿਊਟਰ ਮੈਸ: ਧਾਲੀਵਾਲ ਖੇਤੀ ਸੇਵਾ ਸੈਂਟਰ ਬੱਧਨੀ ਕਲਾਂ ਦੇ ਮਾਲਕ ਲਵਦੀਪ ਪੁੱਤਰ ਜਤਿੰਦਰਪਾਲ ਵਾਸੀ ਬੱਧਨੀ ਕਲਾਂ, ਕੰਪਨੀ ਕ੍ਰਿਸਟਲ ਕਰਾਪ ਪ੍ਰੋਟੈਕਸ਼ਨ ਦੇ ਜਿੰਮੇਵਾਰ ਵਿਅਕਤੀਆਂ ਅਰਵਿੰਦ ਕੁਮਾਰ, ਸੰਜੀਵ ਕੁਮਾਰ, ਅਰਜਨ ਚਰਕ ਅਤੇ ਦਵਿੰਦਰ ਸਿੰਘ ਨੂੰ ਮਿਸ ਬਰਾਂਡਡ ਕੀਟਨਾਸ਼ਕ ਦਵਾਈ ਤਿਆਰ ਕਰਨ, ਸਪਲਾਈ ਕਰਨ, ਸਟੋਰ ਕਰਨ ਅਤੇ ਅੱਗੇ ਵੇਚਣ ਦੇ ਦੋਸ਼ ਅਧੀਨ ਇਕ ਇਕ ਸਾਲ ਦੀ ਸਜ਼ਾ ਦਿੱਤੀ ਗਈ ਹੈ।ਡਾ: ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਹੀ ਕਿਸਾਨਾਂ ਨੂੰ ਉਚ ਮਿਆਰ ਦੇ ਖੇਤੀ ਇਨਪੁਟਸ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਰੁਟੀਨ ਚੈਕਿੰਗ ਦੌਰਾਨ ਖਾਦ, ਬੀਜ ਅਤੇ ਦਵਾਈਆਂ ਦੇ ਸੈਂਪਲ ਲਏ ਜਾਂਦੇ ਹਨ ਅਤੇ ਜੋ ਸੈਂਪਲ ਫੇਲ੍ਹ ਪਾਏ ਜਾਂਦੇ ਹਨ ਤਾਂ ਉਸ ਸਬੰਧੀ ਵਿਭਾਗ ਵੱਲੋਂ ਪੈਰ੍ਹਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਉੱਚ ਮਿਆਰ ਦੇ ਖੇਤੀ ਇਨਪੁਟਸ ਕਿਸਾਨਾਂ ਨੂੰ ਮੁਹੱਈਆ ਕਰਾਉਣ ਲਈ ਯਤਨਸ਼ੀਲ ਰਹੇਗਾ ਅਤੇ ਮਿਸ ਬਰਾਂਡਡ ਮਟੀਰੀਅਲ ਦੀ ਵਿਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।