ਫਾਜ਼ਿਲਕਾ 15 ਫਰਵਰੀ (ਰਾਜੇਸ਼ ਜੈਨ – ਰੋਹਿਤ ਗੋਇਲ): ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐੱਸ.ਵੱਲੋਂ ਜ਼ਿਲ੍ਹੇ ਵਿਚ ਚੱਲ ਰਹੇ ਪੇਂਡੂ ਵਿਕਾਸ ਕਾਰਜਾਂ ਆਦਿ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ ਦੇ ਆਦੇਸ਼ ਦਿੱਤੇ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਪੇਂਡੂ ਵਿਕਾਸ ਨਾਲ ਸਬੰਧਿਤ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਵਿਕਾਸ ਦੇ ਕੰਮਾਂ ਜਿਸ ਵਿਚ ਖੇਡ ਮੈਦਾਨ, ਪਖਾਨਿਆਂ , ਛਪੜਾਂ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ ਦੇ ਵਿਕਾਸ ਪ੍ਰੋਜੈਕਟਾ, ਨਜਾਇਜ ਕਬਜਿਆਂ ਨੂੰ ਛੁਡਵਾਉਣ, ਪਿੰਡ ਦੀ ਦਿਖ ਨੂੰ ਸੁਧਾਰਨ ਹਿਤ ਕੀਤੇ ਜਾਣ ਵਾਲੇ ਹੋਰ ਵੱਖ-ਵੱਖ ਵਿਕਾਸ ਕੰਮਾਂ ਆਦਿ ਵਿਭਾਗਾਂ ਨਾਲ ਸਬੰਧਿਤ ਕੰਮਾਂ ਅਤੇ ਸਕੀਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਉਨ੍ਹਾਂ ਕਿਹਾ ਕਿ ਪਿੰਡਾਂ ਦੀ ਸਾਫ ਸਫਾਈ ਉਨ੍ਹਾਂ ਦਾ ਮੁੱਖ ਮਕਸਦ ਹੈ ਇਸ ਲਈ ਜ਼ਿਲ੍ਹੇ ਦੇ ਬੀ.ਡੀ.ਓਜ਼ ਮਹੀਨੇ ਵਿੱਚ ਕੋਈ 10 ਪਿੰਡ ਚੁਣ ਕੇ ਉਨ੍ਹਾਂ ਦੀ ਸਾਫ ਸਫਾਈ ਕਰਵਾਉਣ ਜਿਸ ਦਾ ਉਹ ਖੁਦ ਨਿਰੀਖਣ ਕਰਨ ਤਾਂ ਜੋ ਪਿੰਡਾਂ ਨੂੰ ਮਾਡਲ ਪਿੰਡ ਦੇ ਰੂਪ ਵਿਚ ਸਿਰਜਿਆ ਜਾ ਸਕੇ।ਉਨ੍ਹਾਂ ਬੀ.ਡੀ.ਓਜ਼ ਸਮੇਤ ਸਮੂਹ ਅਧਿਕਾਰੀਆਂ ਨੂੰ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਅਤੇ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਆਖਿਆ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੰਮਾਂ ਦੀ ਸਮੇਂ ਸਮੇਂ ਸਿਰ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ ਜਾਵੇ ਤਾਂ ਜੋ ਸਾਰੇ ਕੰਮ ਸਹੀ ਢੰਗ ਅਤੇ ਸਮੇਂ ਸਿਰ ਮੁਕੰਮਲ ਕੀਤੇ ਜਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਐੱਸ.ਡੀ.ਐੱਮ.ਅਬੋਹਰ ਅਕਾਸ਼ ਬਾਂਸਲ, ਕਾਰਜਕਾਰੀ ਇੰਜੀਨੀਅਰ ਸ਼ਮਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।