“ਦਾਣਾ ਮੰਡੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੇਨ ਗੇਟ ਅਤੇ ਪਿੰਡ ਮਚਾਕੀ ਕਲਾਂ ਵਿਖੇ ਸੰਭਾਵਿਤ ਦੁਰਘਟਨਾਵਾਂ ਖੇਤਰਾਂ ਦੀ ਪਹਿਚਾਣ”
ਫਰੀਦਕੋਟ 21 ਫਰਵਰੀ (ਰੋਹਿਤ ਗੋਇਲ – ਰਾਜਨ ਜੈਨ): ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਹਲਕੇ ਵਿਖੇ ਫਰੀਦਕੋਟ-ਫਿਰੋਜਪੁਰ ਰੋਡ ਉੱਤੇ ਸਥਿਤ ਦਾਣਾ ਮੰਡੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੇਨ ਗੇਟ ਅਤੇ ਪਿੰਡ ਮਚਾਕੀ ਕਲਾਂ ਵਿਖੇ ਜੰਕਸ਼ਨ ਤੇ ਸੰਭਾਵਿਤ ਦੁਰਘਟਨਾਵਾਂ ਖੇਤਰਾਂ (ਬਲੈਕ ਸਪਾਟ) ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਸੰਭਾਵਿਤ ਦੁਰਘਟਨਾਵਾਂ ਖੇਤਰਾਂ ਤੇ 7.82 ਲੱਖ ਰੁਪਏ ਖਰਚ ਕਰਕੇ ਦੁਰਘਟਨਾਵਾਂ ਰੋਕਣ ਸਬੰਧੀ ਸਾਈਨ ਬੋਰਡ ਅਤੇ ਹੋਰ ਉਪਰਾਲੇ ਕੀਤੇ ਜਾਣਗੇ, ਤਾਂ ਜੋ ਇਨ੍ਹਾਂ ਜਗਾਵਾਂ ਤੇ ਹੋਣ ਵਾਲੀਆਂ ਸੰਭਾਵਿਤ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿੱਚ ਆਉਂਦਾ ਹੈ ਕਿ ਸੰਭਾਵਿਤ ਦੁਰਘਟਨਾਵਾਂ ਖੇਤਰਾਂ ਵਿੱਚ ਸਾਈਨ ਬੋਰਡ ਨਾ ਲੱਗਣ ਜਾਂ ਕਿਸੇ ਹੋਰ ਕਾਰਨਾਂ ਕਰਕੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਲਈ ਸਰਕਾਰ ਵੱਲੋਂ ਵੀ ਸੰਭਾਵਿਤ ਦੁਰਘਟਨਾਵਾਂ ਖੇਤਰਾਂ ਦੀ ਪਹਿਚਾਣ ਕਰਕੇ ਦੁਰਘਟਨਾਵਾਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸੜਕਾਂ ਤੇ ਵਾਹਨ ਚਲਾਉਂਦੇ ਸਮੇਂ ਟਰੈਫਿਕ ਸਬੰਧੀ ਸਾਰੇ ਨਿਯਮਾਂ ਦੇ ਪਾਲਾਣ ਕੀਤਾ ਜਾਵੇ। ਜੇਕਰ ਅਸੀਂ ਟਰੈਫਿਕ ਨਿਯਮਾਂ ਦੀ ਸਹੀ ਤਰ੍ਹਾਂ ਨਾਲ ਪਾਲਣਾ ਕਰਦੇ ਹਾਂ ਤਾਂ ਹੋਣ ਵਾਲੀਆਂ ਸੰਭਾਵਿਤ ਦੁਰਘਟਨਾਵਾਂ ਤੋਂ ਬਚੇ ਰਹਿ ਸਕਦੇ ਹਾਂ।