
ਚੰਡੀਗੜ੍ਹ-(ਅਰਜੁਨ ਸਹਿਜਪਾਲ) ਪੰਜਾਬ ਦੀਆਂ ਰਾਜ ਸਭਾ ਸੀਟਾਂ ’ਤੇ ਬਾਹਰੋਂ ਮੈਂਬਰ ਲਿਆਉਣ ਉਤੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਘੇਰੇਬੰਦੀ ਤਿੱਖੀ ਕਰ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਪੰਜਾਬ ਵਿਚੋਂ ਰਾਜ ਸਭਾ ਮੈਬਰਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਲੋਕਾਂ ਦੇ ਨਾਮ ਭੇਜੇ ਜਾਣ ਉਤੇ ਬਾਦਲ ਨੇ ਕਿਹਾ ਕਿ ਇਹ ਸ਼ੁਰੂ ਵਿਚ ਹੀ ਧੋਖਾ ਕਮਾ ਰਹੇ ਹਨ, ਅਸੀਂ ਸ਼ੁਰੂ ਵਿਚ ਹੀ ਕਿਹਾ ਸੀ, ਇਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ਉਤੇ ਕਬਜਾ ਕਰਨ ਚਹੁੰਦੇ ਹਨ। ਦੱਸ ਦਈਏ ਕਿ ਬਾਦਲ ਚੋਣਾਂ ਤੋਂ ਬਾਅਦ ਆਪਣੇ ਹਲ਼ਕੇ ਲੰਬੀ ਦੇ ਪਿੰਡਾਂ ਵਿਚ ਧੰਨਵਾਦੀ ਦੌਰਾ ਕਰ ਰਹੇ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ(AAP) ਨੇ ਰਾਜ ਸਭਾ ਲਈ ਐਲਾਨੇ ਸਾਰੇ ਨਾਮ ਐਲਾਨ ਕਰ ਦਿੱਤੇ ਹਨ। ਜਿਸ ਵਿੱਚ AAP ਆਗੂ ਰਾਘਵ ਚੱਢਾ ਰਾਜ ਸਭਾ ਜਾਣਗੇ। ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਰਾਜ ਸਭਾ ਦੀ ਟਿਕਟ ਮਿਲੀ ਹੈ। ਆਈ ਆਈਟੀ (IIT) ਪ੍ਰੋਫ਼ੈਸਰ ਸੰਦੀਪ ਪਾਠਕ ਨੂੰ AAP ਰਾਜ ਸਭਾ ਭੇਜ ਰਹੀ ਹੈ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਅਸ਼ੋਕ ਮਿੱਤਲ ਵੀ ਰਾਜ ਸਭਾ ਮੈਂਬਰ ਬਣਨਗੇ। ਆਪ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਥਾਂ ਹੋਰਾਂ ਸੂਬਿਆਂ ਤੋਂ ਮੈਂਬਰ ਭੇਜਣ ਉਤੇ ਵੱਡੇ ਸਵਾਲ ਉਠ ਰਹੇ ਹਨ।