ਫ਼ਤਹਿਗੜ੍ਹ ਸਾਹਿਬ, 25 ਮਾਰਚ ( ਬੌਬੀ ਸਹਿਜਲ, ਧਰਮਿੰਦਰ)-ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕੇ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਅਤੇ ਸਾਡੇ ਸਰਕਾਰ ਇਮਾਨਦਾਰੀ ਨੂੰ ਲੈ ਕੇ ਹੀ ਚੱਲ ਰਹੀ ਹੈ, ਇਸ ਲਈ ਲੋਕਾਂ ਦੇ ਪੈਸਿਆਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਸਿਆਸੀ ਆਗੂਆਂ ਨੇ ਬਿਨਾਂ ਕਿਸੇ ਵਿਊਂਤਬੰਦੀ ਤੋਂ ਹੀ ਬਸੀ ਪਠਾਣਾ ਸ਼ਹਿਰ ਵਿੱਚ ਸੀਵਰੇਜ ਪਾਉਣ ਬਾਰੇ ਫੋਟੋਆਂ ਖਿਚਵਾ ਕੇ ਅਖ਼ਬਾਰਾਂ ਵਿੱਚ ਲਗਵਾ ਲਈਆਂ ਜਦੋਂ ਕਿ ਸੀਵਰੇਜ ਸਬੰਧੀ ਲੋੜੀਂਦੀ ਵਿਊਂਤਬੰਦੀ ਨਹੀਂ ਕੀਤੀ ਗਈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕੰਮ ਵਿੱਚ ਸੀਵਰੇਜ ਬੋਰਡ ਵੱਲੋਂ ਸਬੰਧਤ ਠੇਕੇਦਾਰ ਨੂੰ ਹੁਣ ਹਦਾਇਤ ਕੀਤੀ ਹੈ ਕਿ ਸੀਵਰੇਜ ਦੇ ਕੰਮ ਨੂੰ ਛੇਤੀ ਪੂਰਾ ਕੀਤਾ ਜਾਵੇ।ਸ਼ਹਿਰ ਵਿਚਲੀਆਂ ਸਟਰੀਟ ਲਾਈਟਾਂ ਨਾ ਚੱਲਣ ਬਾਰੇ ਵਿਧਾਇਕ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਦੇਣਾ ਨਗਰ ਕੌਂਸਲ ਦਾ ਫਰਜ਼ ਹੈ ਪ੍ਰੰਤੂ ਬਸੀ ਪਠਾਣਾ ਦੀ ਨਗਰ ਕੌਂਸਲ ਤੇ ਕਾਰਜ ਸਾਧਕ ਅਫਸਰ ਤੇ ਪ੍ਰਧਾਨ ਆਪਣੀਆਂ ਮਨਮਰਜ਼ੀਆਂ ਹੀ ਕਰਦੇ ਰਹੇ ਹਨ ਜਿਸ ਕਾਰਨ ਕੁਝ ਕੌਂਸਲਰਾਂ ਵੱਲੋਂ ਵਿਜੀਲੈਂਸ ਨੂੰ ਜਾਂਚ ਲਈ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਹੋ ਸਕਣ।ਵਿਧਾਇਕ ਹੈਪੀ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹਨ ਜਦੋਂ ਕਿ ਲੋਕਾਂ ਦੇ ਚੁਣੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੂੰ ਆਮ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਵਿੱਚ ਹੋ ਰਹੀ ਘਪਲੇਬਾਜੀ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਬੰਧਤਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।ਵਿਧਾਇਕ ਨੇ ਕਿਹਾ ਕਿ ਨਗਰ ਕੌਂਸਲ ਦੇ ਕੁਝ ਅਧਿਕਾਰੀ ਤੇ ਮੁਲਾਜਮ ਸਮੇਂ ਸਿਰ ਡਿਊਟੀ ਤੇ ਨਹੀਂ ਆਉਂਦੇ ਜਿਸ ਕਾਰਨ ਉਨ੍ਹਾਂ ਚੈਕਿੰਗ ਵੀ ਕੀਤੀ ਸੀ ਅਤੇ ਗੈਰ ਹਾਜਰ ਪਾਏ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਟਰੀਟ ਲਾਈਟਾਂ ਨਾ ਜਗਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਦੋਂ ਕਿ ਨਗਰ ਕੌਂਸਲ ਦੇ ਸਟੋਰ ਵਿੱਚ ਸਟਰੀਟ ਲਾਈਟਾਂ ਪਈਆਂ ਹਨ ਜਿਸ ਤੋਂ ਸਪਸ਼ਟ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।