Home Political ਬੰਦ ਪਏ ਇਸ ਕੰਮ ਨੂੰ ਸ਼ੁਰੂ ਕਰਵਾਉਣ ਲਈ ਕੌਂਸਲਰਾਂ ਦਾ ਵਫ਼ਦ ਅਧਿਕਾਰੀਆਂ...

ਬੰਦ ਪਏ ਇਸ ਕੰਮ ਨੂੰ ਸ਼ੁਰੂ ਕਰਵਾਉਣ ਲਈ ਕੌਂਸਲਰਾਂ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ

42
0


ਜਗਰਾਉਂ, 27 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਸਿਆਸੀ ਬਦਲਾਖੋਰੀ ਅਤੇ ਠੇਕੇਦਾਰਾਂ ਦੀਆਂ ਮਨਮਾਨੀਆਂ ਕਾਰਨ ਸ਼ਹਿਰ ਦੇ ਕਈ ਵਾਰਡਾਂ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ।  ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਕੌਂਸਲਰਾਂ ਦਾ ਵਫ਼ਦ ਨਗਰ ਕੌਂਸਲ ਦੇ ਐਮੀ ਮੁਕੇਸ਼ ਕੁਮਾਰ ਅਤੇ ਐਸ.ਓ ਅਸ਼ੋਕ ਕੁਮਾਰ ਨੂੰ ਮਿਲਿਆ।  ਇਸ ਮੌਕੇ ਸਾਬਕਾ ਕੌਂਸਲਰ ਰਵਿੰਦਰ ਸੱਭਰਵਾਲ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਲਗਾਏ ਟੈਂਡਰਾਂ ਵਿੱਚ ਵਾਰਡ ਨੰਬਰ 13 ਦੇ ਲਾਪੇਸ਼ਾਹ ਚੌਕ ਤੋਂ ਸ਼ਿਲਪਾ ਬਿਊਟੀ ਪਾਰਲਰ ਤੱਕ ਸੜਕ ਦਾ ਕੰਮ ਪਾਸ ਕੀਤਾ ਗਿਆ ਸੀ।  ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ 2 ਮਹੀਨੇ ਪਹਿਲਾਂ ਹੀ ਠੇਕੇਦਾਰ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਸੀ। ਪਰ ਇਸ ਸੜਕ ਨੂੰ ਪੁੱਟਣ ਅਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੀ ਬਜਾਏ ਠੇਕੇਦਾਰ ਨੇ ਇਸ ਸੜਕ ਨੂੰ ਪੁੱਟ ਕੇ ਅਧੂਰਾ ਛੱਡ ਦਿੱਤਾ।  ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਠੇਕੇਦਾਰ ਨੂੰ ਅਧੂਰਾ ਕੰਮ ਪੂਰਾ ਕਰਨ ਲਈ ਵਾਰ-ਵਾਰ ਕਹਿਣ ’ਤੇ ਵੀ ਉਹ ਕੁਝ ਕਰਨ ਨੂੰ ਤਿਆਰ ਨਹੀਂ ਹੈ।  ਵਾਰਡ ਨੰਬਰ 3 ਦੇ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ ਅਤੇ ਵਾਰਡ ਨੰਬਰ 7 ਦੀ ਕੌਂਸਲਰ ਪਰਮਿੰਦਰ ਕੌਰ ਦੇ ਪਤੀ ਵਿਨੈ ਕਲਿਆਣ ਨੇ ਵੀ ਠੇਕੇਦਾਰਾਂ ’ਤੇ ਆਪਣੇ ਵਾਰਡਾਂ ਦੀਆਂ ਸੜਕਾਂ ਨੂੰ ਪੁੱਟ ਕੇ ਅੱਧ ਵਿਚਾਲੇ ਛੱਡਣ ਦੇ ਦੋਸ਼ ਲਾਏ।  ਇਸ ਮੌਕੇ ਵਾਰਡ ਨੰਬਰ 17 ਦੇ ਕੌਂਸਲਰ ਦੇ ਪੁੱਤਰ ਅੰਕੁਸ਼ ਧੀਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਪਾਸ ਹੋਏ ਕੰਮ ਠੇਕੇਦਾਰ ਵੱਲੋਂ ਸ਼ੁਰੂ ਨਹੀਂ ਕੀਤੇ ਜਾ ਰਹੇ ਹਨ।  ਵਾਰਡ ਨੰਬਰ 8 ਦੇ ਕੌਂਸਲਰ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਿੱਚ ਸੱਤਾਧਾਰੀ ਧਿਰ ਦੀ ਦਖ਼ਲਅੰਦਾਜ਼ੀ ਕਾਰਨ ਉਨ੍ਹਾਂ ਦੇ ਵਾਰਡ ਵਿੱਚ ਪਾਸ ਹੋਏ ਵਿਕਾਸ ਕਾਰਜਾਂ ਦੇ ਟੈਂਡਰ ਵੀ ਨਹੀਂ ਲਗਾਏ ਗਏ। ਉਨ੍ਹਾਂ ਸਾਰਿਆਂ ਨੇ ਸਿਆਸੀ ਬਦਲਾਖੋਰੀ ਤੋਂ ਗੁਰੇਜ਼ ਕਰਕੇ ਸ਼ਹਿਰ ਦੀ ਬਿਹਤਰੀ ਲਈ ਵਿਕਾਸ ਕਾਰਜ ਕਰਵਾਉਣ ਦੀ ਅਪੀਲ ਕੀਤੀ।  ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਅਨਮੋਲ ਗੁਪਤਾ, ਸੰਜੀਵ ਕੱਕੜ, ਵਰਿੰਦਰ ਸਿੰਘ ਕਲੇਰ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here