ਸ਼੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਲਈ ਹਮੇਸ਼ਾ ਸਤਿਕਾਰਿਤ ਰਿਹਾ ਹੈ ਅਤੇ ਰਹੇਗਾ। ਗੁਰੂ ਸਾਹਿਬ ਨੇ ਇੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ। ਸਮੇਂ ਸਮੇਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਿਸੇ ਵੀ ਮੁਸੀਬਤ ਸਮੇਂ ਸਿੱਖ ਕੌਮ ਦਾ ਮਾਪਗਦਰਸ਼ਨ ਵੀ ਕੀਤਾ ਜਾਂਦਾ ਹੈ। ਇਥੇ ਕੋਈ ਵੱਡਾ ਜਾਂ ਛੋਟਾ ਨਹੀਂ ਬਲਕਿ ਸਭ ਲਈ ਇਕ ਹੀ ਮਰਿਯਾਦਾ ਅਨੁਸਾਰ ਪ੍ਰਕਿਰਿਆ ਹੈ। ਜਿਸ ਦੀ ਮਿਸਾਲ ਪੁਰਾਤਨ ਇਤਿਹਾਸ ਤੋਂ ਵੀ ਦੇਖੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਆਪਣੇ ਸਮੇਂ ਦੌਰਾਨ ਦੁਨੀਆ ਦੇ ਸਭ ਤੋਂ ਤਾਕਤਵਰ ਮਹਾਰਾਜੇ।ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਵਲੋਂ ਸਜ਼ਾ ਸੁਣਾਈ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਨਿਮਾਣੇ ਸਿੱਖ ਵਜੋਂ ਉਸ ਸਜਾ ਨੂੰ ਕਬੂਲ ਕੀਤਾ ਅਤੇ ਆਪਣੀ ਭੁੱਲ ਬਖਸ਼ਾਈ। ਇਸਦੀਆਂ ਹੋਰ ਵੀ ਅਨੇਕਾ ੰਮਿਸਾਲਾਂ ਇਤਿਹਾਸ ਦੇ ਪੰਨਿਆਂ ਤੋਂ ਦੇਖੀਆਂ ਜਾ ਸਕਦੀਆਂ ਹਨ। ਹੁਣ ਕੁਝ ਪਿਛਲੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਿਆਸੀ ਲੋਕਾਂ ਨੇ ਆਪਣੇ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ। ਭਾਵੇਂ ਕਿ ਉਸ ਸਮੇਂ ਕੌਮ ਸਭ ਕੁਝ ਦੇਖ ਕੇ ਵੀ ਕੁਝ ਨਹੀਂ ਕਰ ਸਕੀ। ਪਰ ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈਣ ਵਾਲਿਆਂ ਦਾ ਹਸ਼ਰ ਕੀ ਹੋਇਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਇਸ ਦਾ ਪ੍ਰਤੱਖ ਪ੍ਰਮਾਣ ਅੱਜ ਵੀ ਮੌਜੂਦ ਹੈ। ਮੌਜੂਦਾ ਸਮੇਂ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਵਿੱਚ ਚੱਲ ਰਹੀਆਂ ਘਟਨਾਵਾਂ ਅਤੇ ਪੰਜਾਬ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਣ ਕਾਰਨ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੌਮ ਦੇ ਬੁੱਧੀਜੀਵੀਆਂ ਅਤੇ ਜਥੇਬੰਦੀਆਂ ਨਾਲ ਬੈਠ ਕੇ ਕੀਤੀ ਗਈ ਸਲਾਹ ਉਪਰੰਚ ਪੰਜਾਬ ਸਰਕਾਰ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਪਰ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਹੁਕਮਾਂ ’ਤੇ ਮੁੱਖ ਮੰਤਰੀ ਨੇ ਉਲਟਾ ਉਨ੍ਹਾਂ ਨੂੰ ਹੀ ਕਈ ਤਰ੍ਹਾਂ ਦੇ ਸਵਾਲ ਕਰ ਦਿਤੇ। ਜਿਸਦੀ ਵੱਡੇ ਪੱਧਰ ਤੇ ਆਲੋਚਣਾ ਹੋਈ ਅਤੇ ਹੋਣੀ ਵੀ ਚਾਹੀਦੀ ਹੈ। ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇੱਕ ਦੂਜੇ ’ਤੇ ਦੋਸ਼ ਲਗਾਉਣ ਦੀ ਬਜਾਏ ਸਰਬਸੰਮਤੀ ਨਾਲ ਫੈਸਲਾ ਲੈਣ ਦੀ ਲੋੜ ਹੈ। ਸਿੰਘ ਸਾਹਿਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਵਾਲ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਬਹਿਬਲ ਗੋਲੀ ਕਾਂਡ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਦੀਆਂ ਉਹਨਾਂ ਸਾਰੀਆਂ ਘਟਨਾਵਾਂ ਬਾਰੇ ਕਿਉਂ ਨਹੀਂ ਬੋਲੇ। ਇਹ ਵੱਡੇ ਸਵਾਲ ਹਨ ਜੋ ਕਿ ਪੁੱਛੇ ਜਾਣੇ ਬਣਦੇ ਹਨ ਪਰ ਇਨ੍ਹਾਂ ਸਵਾਲਾਂ ਜਵਾਬਾਂ ਵਿਚ ਉਲਝਣ ਦਾ ਇਹ ਸਹੀ ਸਮਾਂ ਨਹੀਂ ਹੈ। ਦੂਜੇ ਪਾਸੇ ਇਸੇ ਤਰ੍ਹਾਂ ਦੇ ਸਵਾਲ ਪੰਜਾਬ ਸਰਕਾਰ ਲਈ ਵੀ ਸਾਹਮਣੇ ਖੜੇ ਹਨ। ਭਾਈ ਅਮ੍ਰਿਤਪਾਲ ਸਿੰਘ ਨੂੰ ਇਸ ਸਮੇਂ ਸਰਕਾਰ ਵਲੋਂ ਇਕ ਬਹੁਤ ਵੱਡਾ ਅੱਤਵਾਦੀ ਐਲਾਨਿਆ ਜਾ ਰਿਹਾ ਹੈ। ਜਦੋਂਕਿ ਅੰਮ੍ਰਿਤਪਾਲ ਸਿੰਘ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਰਿਹਾ ਹੈ। ਹੁਣ ਜਿਸ ਤਰ੍ਹਾਂ ਪੁਲਿਸ ਅਤੇ ਏਜੰਸੀਆਂ ਕਹਿ ਰਹੀਆਂ ਹਨ ਕਿ .ਅਮ੍ਰਿਤਪਾਲ ਸਿੰਘ ਦੇ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਅਤੇ ਪਾਕਿ ਦੀ ਖੁਫੀਆ ਅਜੰਸੀ ਆਈ.ਐਸ.ਆਈ ਨਾਲ ਸਬੰਧ ਹਨ। ਜਿਸਦੀ ਰਿਪੋਰਟ ਉਹਨਾਂ ਕੋਲ ਪਹਿਲਾਂ ਹੀ ਸੀ, ਤਾਂ ਪੰਜਾਬ ਸਰਕਾਰ ਨੇ ਉਸ ਨੂੰ ਪਹਿਲਾਂ ਕਿਉਂ ਨਹੀਂ ਰੋਕਿਆ ਅਤੇ ਅੱਗੇ ਵਧਣ ਤੋਂ ਪਹਿਲਾਂ ਗ੍ਰਿਫਤਾਰ ਕਿਉਂ ਨਹੀਂ ਕੀਤਾ। ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਸੀ। ਧਰਮ ਦੀ ਆੜ ’ਚ ਤੁਸੀਂ ਉਸ ਨੂੰ ਗੁੰਮਰਾਹ ਕਰਨ ਦੀ ਇਜਾਜ਼ਤ ਕਿਉਂ ਦਿੱਤੀ। ਜੋ ਅੱਜ ਕਾਰਵਾਈ ਅਮਿ੍ਰਤਪਾਲ ਸਿੰਘ ਖਿਲਾਫ ਇੰਨੇ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ, ਜਿਸ ਦੀ ਪੂਰੀ ਦੁਨੀਆ ਵਿਚ ਚਰਚਾ ਹੋ ਰਹੀ ਹੈ। ਐਨੀ ਵੱਡੀ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸ਼ੁਰੂ ਵਿਚ ਕਿਉਂ ਕਾਬੂ ਨਹੀਂ ਕੀਤਾ ਗਿਆ ? ਇਹ ਸਾਰੇ ਸਵਾਲਾਂ ਦੇ ਜਵਾਬ ਵੀ ਪੰਜਾਬ ਨਿਵਾਸੀ ਤੁਹਾਡੇ ਤੋਂ ਚਾਹੁੰਦੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੀ ਅਗਵਾਈ ਕਰਦੇ ਹਨ ਅਤੇ ਤੁਸੀਂ ਪੰਜਾਬ ਸਰਕਾਰ ਦੀ ਅਗਵਾਈ ਕਰਦੇ ਹੋ। ਦੋਵਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹਨ। ਇਸ ਕਰਕੇ ਇੱਕ ਦੂਜੇ ਨੂੰ ਦੋਸ਼ ਦੇਣ ਦੀ ਬਜਾਏ ਇਸ ਭਾਰੀ ਮੁਸ਼ਿਕਲ ਦਾ ਹਲ ਕੱਢਣ ਲਈ ਇਕਜੁੱਟ ਹੋਣ ਦੀ ਜਰੂਰਤ ਹੈ ਨਾ ਕਿ ਆਪਸ ਵਿਚ ਉਲਝਣ ਦੀ। ਅਜਿਹਾ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਸਗੋਂ ਇਸ ਨਾਲ ਹੋਰ ਟਕਰਾਅ ਪੈਦਾ ਹੋਵੇਗਾ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਇਸ ਵੱਡੀ ਸਮੱਸਿਆ ਦੇ ਹੱਲ ਲਈ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਪੰਜਾਬ ਚੜ੍ਹਦੀ ਕਲਾ ਵੱਲ ਨੂੰ ਵਧੇ।
ਹਰਵਿੰਦਰ ਸਿੰਘ ਸੱਗੂ।