ਵਿਸਾਖੀ ਵਾਲੇ ਦਿਨ ਹੋਵੇਗਾ ਅੰਮ੍ਰਿਤ ਸੰਚਾਰ
ਜਗਰਾਉਂ, 3 ਅਪ੍ਰੈਲ ( ਵਿਕਾਸ ਮਠਾੜੂ )-ਖਾਲਸਾ ਪੰਥ ਦੀ ਚੜ੍ਹਦੀ ਕਲਾਂ ਦਾ ਪ੍ਰਤੀਕ ਵਿਸਾਖੀ ਦਾ ਤਿਉਹਾਰ ਗੁਰਦੁਆਰਾ ਗੁਰੂਸਰ ਕਾਉਂਕੇ ਪਾਤਸ਼ਾਹੀ ਛੇਵੀਂ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੁਰਦੁਆਰਾ ਗੁਰੂਸਰ ਕਾਉਂਕੇ ਦੀ ਮੈਨੇਜਮੈਂਟ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਭਾਈ ਗਰੇਵਾਲ ਨੇ ਦੱਸਿਆ ਕਿ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿੰਨ੍ਹਾਂ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ। ਉਪਰੰ ਮਹਾਨ ਢਾਡੀ, ਕਵੀਸ਼ਰੀ ਤੇ ਕਥਾ ਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਭਾਈ ਗਰੇਵਾਲ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਵੀ ਹੋਵੇਗਾ, ਜਿਸ ’ਚ ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣਗੇ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਚੌਕੀਮਾਨ, ਮੈਂਬਰ ਜਗਦੀਸ਼ ਸਿੰਘ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਚਰਨ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਕਰਮ ਸਿੰਘ, ਅਵਤਾਰ ਸਿੰਘ, ਕਮਲਜੀਤ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।