ਫਾਜ਼ਿਲਕਾ, 9 ਅਪ੍ਰੈਲ (ਬੋਬੀ ਸਹਿਜਲ – ਧਰਮਿੰਦਰ) : ਸ਼ੁੱਧ ਵਾਤਾਵਾਰਨ ਅਤੇ ਰੁੱਖਾਂ ਤੋਂ ਹੋਣ ਵਾਲੇ ਫਾਇਦਿਆਂ ਨੂੰ ਦੇਖਦਿਆਂ ਸੇਵਾ ਕੇਂਦਰ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਹੱਥੀ ਬੂਟਾ ਲਗਾਇਆ। ਇਸ ਦੌਰਾਨ ਉਨ੍ਹਾਂ ਸੇਵਾ ਕੇਂਦਰ ਵੱਲੋਂ ਪੌਦਾ ਲਗਾਉਣ ਦੀ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੁੱਧ ਤੇ ਬਿਮਾਰੀ ਮੁਕਤ ਵਾਤਾਵਰਣ ਸਿਰਜਣ ਲਈ ਰੁੱਖ ਅਹਿਮ ਰੋਲ ਅਦਾ ਕਰਦੇ ਹਨ। ਮਨੁੱਖ ਖੁਸ਼ ਤੇ ਤੰਦਰੁਸਤ ਵੀ ਤਾਂ ਹੀ ਰਹਿ ਸਕਦਾ ਹੈ ਜੇਕਰ ਉਸਦਾ ਆਲਾ ਦੁਆਲਾ ਸਾਫ-ਸੁਥਰਾ ਤੇ ਹਰਿਆ-ਭਰਿਆ ਨਜ਼ਰ ਆਵੇਗਾ।ਉਨ੍ਹਾਂ ਦੱਸਿਆ ਕਿ ਬੂਟੇ ਲਗਾਉਣ ਨਾਲ ਜਿੱਥੇ ਸ਼ੁੱਧ ਹਵਾ ਤੇ ਆਕਸੀਜਨ ਮਿਲਦੀ ਹੈ ਜਿਸ ਨਾਲ ਮਨੁੱਖ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਦਾ ਹੈ ਉਥੇ ਇਹ ਬੂਟੇ ਵੱਡੇ ਹੋ ਕੇ ਰੁੱਖ ਦਾ ਰੂਪ ਧਾਰ ਕੇ ਛਾਂ ਅਤੇ ਫੱਲ ਵੀ ਦਿੰਦੇ ਹਨ।ਉਨ੍ਹਾਂ ਕਿਹਾ ਕਿ ਗਰਮੀ ਦੀ ਜ਼ਿਆਦਾ ਤਪਸ਼ ਤੋਂ ਬਚਣ ਲਈ ਵੀ ਰੁੱਖ ਕਾਫੀ ਸਹਾਈ ਹੁੰਦੇ ਹਨ। ਇਸ ਕਰਕੇ ਹਰੇਕ ਇਨਸਾਨ ਨੂੰ ਘੱਟੋ-ਘੱਟ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤੇ ਉਸਦੀ ਆਪਣੇ ਬੱਚੇ ਵਾਂਗ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੌਦਾ ਲਗਾਉਣ ਨਾਲ ਸਾਡਾ ਫਰਜ ਪੂਰਾ ਨਹੀਂ ਹੁੰਦਾ ਬਲਕਿ ਉਸਦੀ ਸੰਭਾਲ ਕਰਦਿਆਂ ਰੁੱਖ ਬਣਨ ਤੱਕ ਉਸਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ।ਇਸ ਮੌਕੇ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ. ਗਗਨਦੀਪ ਸਿੰਘ ਤੇ ਹੋਰ ਸਟਾਫ ਮੌਜੂਦ ਸੀ।