ਗੁਰਦਾਸਪੁਰ, 16 ਅਪ੍ਰੈਲ (ਰੋਹਿਤ ਗੋਇਲ – ਵਿਕਾਸ ਮਠਾੜੂ) : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਦਾਣਾ ਮੰਡੀ ਗੁਰਦਾਸਪੁਰ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਆੜ੍ਹਤੀਏ ਵੀ ਹਾਜ਼ਰ ਸਨ।ਕਣਕ ਦੀ ਖਰੀਦ ਸ਼ੁਰੂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੰਡੀ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਪੂਰੇ ਤੋਲ ਅਤੇ ਭਾਅ ’ਤੇ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ ਅਤੇ ਇੱਕ ਨਿੱਕੇ ਪੈਸੇ ਦੇ ਵੀ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੋਜ਼ਾਨਾਂ ਮੰਡੀਆਂ ਵਿੱਚ ਦੌਰਾ ਕਰਕੇ ਖਰੀਦ ਪ੍ਰਬੰਧਾਂ ਨੂੰ ਆਪਣੀ ਨਿਗਰਾਨੀ ਹੇਠ ਨੇਪਰੇ ਚਾੜਨ।ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਰਾਜ ਭਰ ਦੀਆਂ ਮੰਡੀਆਂ ਵਿੱਚ 16,65,241 ਮੀਟ੍ਰਿਕ ਟਨ ਕਣਕ ਪਹੁੰਚ ਚੁੱਕੀ ਹੈ, ਜਿਸ ਵਿਚੋਂ 1300214 ਮੀਟ੍ਰਿਕ ਟਨ ਕਣਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਹੈ ਜਦਕਿ 68247 ਟਨ ਕਣਕ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਖਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 1076.44 ਕਰੋੜ ਰੁਪਏ ਦੀ ਰਾਸ਼ੀ ਬੈਂਕਾਂ ਨੂੰ ਰਲੀਜ਼ ਕਰ ਦਿੱਤੀ ਹੈ, ਜਿਸ ਵਿਚੋਂ 555.34 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਗਏ ਹਨ।ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਏ ਵੈਲਿਊ ਕੱਟ ਕਾਰਨ ਕਿਸਾਨਾਂ ਨੂੰ ਮਾਲੀ ਤੌਰ ’ਤੇ ਕੋਈ ਘਾਟਾ ਨਾ ਪਵੇ ਇਸ ਲਈ ਇਸ ਘਾਟੇ ਦੀ ਭਰਪਾਈ ਰਾਜ ਸਰਕਾਰ ਆਪਣੇ ਵੱਲੋਂ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਮੋਦੀ ਸਰਕਾਰ ਸੱਚਮੁੱਚ ਹੀ ਕਿਸਾਨ ਹਿਤੈਸ਼ੀ ਹੈ ਤਾਂ ਉਹ ਕਣਕ ਦੀ ਫਸਲ ਉੱਪਰ ਲਗਾਏ ਗਏ ਵੈਲਿਊ ਕੱਟ ਨੂੰ ਵਾਪਸ ਲੈ ਕੇ ਫਸਲ ਦਾ ਪੂਰਾ ਭਾਅ ਦੇਵੇ। ਉਨ੍ਹਾਂ ਕਿਹਾ ਕਿ ਮੌਸਮੀ ਦੀ ਖਰਾਬੀ ਨਾਲ ਝੰਬੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਸਗੋਂ ਰਾਹਤ ਦੇਣੀ ਚਾਹੀਦੀ ਸੀ ਨਾ ਕਿ ਭਾਅ ਵਿੱਚ ਕੱਟ ਲਗਾਉਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਬਾਂਹ ਭੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀਮਤੀ ਰਜਨੀਸ਼ ਕੌਰ, ਖਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਕਿਸਾਨ ਵੀ ਮੌਜੂਦ ਸਨ।