ਗੁਰਦਾਸਪੁਰ, 16 ਅਪ੍ਰੈਲ (ਅਸ਼ਵਨੀ ਕੁਮਾਰ) : ‘ਮਿਹਨਤ ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ’ ਦੀ ਕਹਾਵਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਚਰਨਜੀਤ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ 38 ਸਾਲਾ ਨੌਜਵਾਨ ਚਰਨਜੀਤ ਜੋ ਕਿ ਗਰੈਜੂਏਸ਼ਨ ਪਾਸ ਹੈ ਨੇ ਸੂਰ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਕੇ ਏਨੀ ਮਿਹਨਤ ਤੇ ਲਗਨ ਨਾਲ ਇਸ ਖੇਤਰ ਵਿੱਚ ਕੰਮ ਕੀਤਾ ਹੈ ਕਿ ਉਹ ਜਿਥੇ ਹੁਣ ਸੂਰ ਪਾਲਣ ਤੋਂ ਚੰਗੀ ਆਮਦਨ ਕਮਾ ਰਿਹਾ ਹੈ ਓਥੇ ਨਾਲ ਹੀ ਉਸਦੀ ਗਿਣਤੀ ਸੂਬੇ ਤੋਂ ਇਲਾਵਾ ਦੇਸ਼ ਦੇ ਉੱਦਮੀ ਸੂਰ ਪਾਲਕਾਂ ਵਿੱਚ ਹੁੰਦੀ ਹੈ। ਚਰਨਜੀਤ ਆਪਣੀ ਮਿਹਨਤ ਸਦਕਾ ਸੂਰ ਪਾਲਣ ਦੇ ਖੇਤਰ ਵਿੱਚ ਤਿੰਨ ਵਾਰ ਜ਼ਿਲ੍ਹਾ ਪੱਧਰ ’ਤੇ ਅਤੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ 35 ਭਾਗਦਾਰੀਆਂ ਵਿਚੋਂ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ।ਸੂਰ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉੱਦਮੀ ਨੌਜਵਾਨ ਚਰਨਜੀਤ ਨੇ ਦੱਸਿਆ ਕਿ ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸਦੇ ਪਿਤਾ ਨੇ ਮਜ਼ਦੂਰੀ ਕਰਕੇ ਉਸ ਨੂੰ ਪੜ੍ਹਾਇਆ ਸੀ। ਚਰਨਜੀਤ ਦੱਸਦਾ ਹੈ ਕਿ ਉਸਨੇ ਬੀ.ਏ. ਪਾਸ ਕਰਨ ਤੋਂ ਬਾਅਦ ਇੱਕ ਨਿੱਜੀ ਬੈਂਕ ਵਿੱਚ ਕੁਝ ਸਮਾਂ ਨੌਂਕਰੀ ਕੀਤੀ ਅਤੇ ਉਸਤੋਂ ਬਾਅਦ ਡਿਸਪੋਜੇਬਲ ਦਾ ਕੰਮ ਵੀ ਸ਼ੁਰੂ ਕੀਤਾ ਪਰ ਉਹ ਮਨਚਾਹੇ ਨਤੀਜੇ ਨਾ ਪਾ ਸਕਿਆ।ਇਸੇ ਦੌਰਾਨ ਉਸਨੇ ਸਾਲ 2012 ਵਿੱਚ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਰਕੇ ਪਸ਼ੂ ਪਾਲਣ ਦਾ ਕੋਈ ਕਿੱਤਾ ਸ਼ੁਰੂ ਕਰਨ ਲਈ ਸੰਪਰਕ ਕੀਤਾ। ਪਸ਼ੂ ਪਾਲਣ ਵਿਭਾਗ ਦੇ ਡਾਕਟਰ ਸਰਬਜੀਤ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਸੂਰ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਦਿੰਦਿਆਂ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਚਰਨਜੀਤ ਨੇ ਦੱਸਿਆ ਕਿ ਉਸਨੇ ਪਸ਼ੂ ਪਾਲਣ ਵਿਭਾਗ ਕੋਲੋਂ ਸੂਰ ਪਾਲਣ ਦੀ ਸਿਖਲਾਈ ਹਾਸਲ ਕਰਕੇ ਇੱਕ ਛੋਟਾ ਜਿਹਾ ਸੂਰ ਫਾਰਮ ਸ਼ੁਰੂ ਕੀਤਾ। ਉਸਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਆਰ.ਕੇ.ਵੀ.ਵਾਈ ਸਕੀਮ ਅਧੀਨ ਸੂਰ ਯੂਨਿਟ ਸਥਾਪਿਤ ਕਰਨ ਲਈ 6 ਲੱਖ ਰੁਪਏ ਦਾ ਕਰਜਾ ਲਿਆ, ਜਿਸਦੀ ਸਰਕਾਰ ਵੱਲੋਂ 1,99,920 ਰੁਪਏ ਦੀ ਸਬਸਿਡੀ ਸੀ।ਚਰਨਜੀਤ ਨੇ ਦੱਸਿਆ ਕਿ ਉਸਨੇ ਸੂਰ ਪਾਲਣ ਦੇ ਕਿਤੇ ਨੂੰ ਪੂਰੀ ਮਿਹਨਤ ਤੇ ਸਿਰੜ ਨਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਲ 2015 ਦੇ ਸ਼ੁਰੂ ਵਿਚ ਉਸਨੇ 85,000 ਅਤੇ ਅਪ੍ਰੈਲ 2016 ਵਿਚ ਵੀ 90,000 ਦੇ ਜਾਨਵਰ ਵੇਚੇ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਹੋਰ ਹਰ ਸਾਲ ਆਪਣੇ ਫਾਰਮ ਵਿੱਚ ਸੂਰ ਪੈਦਾ ਕਰਕੇ ਸੂਰ ਵੇਚ ਕੇ ਆਮਦਨ ਕਮਾਉਣ ਲੱਗਾ। ਉਸਨੇ ਆਪਣਾ ਲੋਨ ਦੀ ਅਦਾਇਗੀ ਵੀ ਕਰ ਦਿੱਤੀ। ਚਰਨਜੀਤ ਦੱਸਦਾ ਹੈ ਕਿ ਇਸ ਸਮੇਂ ਉਸ ਦੇ ਫਾਰਮ ਵਿੱਚ 110 ਸੂਰ ਹਨ ਅਤੇ ਉਹ ਆਪਣੇ ਇਸ ਫਾਰਮ ਤੋਂ ਸੂਰ ਵੇਚਕੇ ਅੰਦਾਜ਼ਨ 1 ਲੱਖ ਰੁਪਏ ਮਹੀਨੇ ਕਮਾਉਂਦਾ ਹੈ ਅਤੇ ਸਾਲ ਦੀ ਆਮਦਨ 12 ਲੱਖ ਦੇ ਕਰੀਬ ਹੋ ਜਾਂਦੀ ਹੈ। ਉਹ ਦੱਸਦਾ ਹੈ ਕਿ ਸੂਰ ਪਾਲਣ ਦੇ ਕਿੱਤੇ ਲਈ ਕੋਈ ਬਹੁਤਾ ਥਾਂ ਵੀ ਨਹੀਂ ਚਾਹੀਦਾ।ਨੌਜਵਾਨ ਚਰਨਜੀਤ ਆਪਣੇ ਦੋਸਤਾਂ ਅਤੇ ਕਿਸਾਨਾਂ ਨੂੰ ਸੂਰ ਫਾਰਮ ਖੋਲਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਉਹ ਦੱਸਦਾ ਹੈ ਕਿ ਸੂਰਾਂ ਦੀ ਮਾਰਕੀਟਿੰਗ ਵੀ ਕੋਈ ਔਖੀ ਨਹੀਂ ਹੈ। ਚਰਨਜੀਤ ਦੱਸਦਾ ਹੈ ਕਿ ਉਹ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਆਪਣੇ ਸੂਰ ਫਾਰਮ ਨੂੰ ਹੋਰ ਹਾਈਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੀ ਮਿਹਨਤ ਨਾਲ ਸੂਰ ਪਾਲਣ ਕਿੱਤੇ ਵਿੱਚ ਸਫਲਤਾ ਹਾਸਲ ਕਰਨ ਵਾਲਾ ਚਰਨਜੀਤ ਹੁਣ ਹੋਰ ਨੌਜਵਾਨਾਂ ਅਤੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।