( ਬਿਊਰੋ)-ਵਿਸ਼ਵ ਪੱਧਰ ਉੱਤੇ ਮਹਿੰਗਾਈ ਦਿਨ ਪ੍ਰਤੀ ਦਿਨ ਵਧ ਰਹੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਹੋਣ ਵਾਲੇ ਯੁੱਧ ਕਾਰਨ ਮਹਿੰਗਾਈ ਦੀ ਰਫ਼ਤਾਰ ਹੋਰ ਵਧ ਗਈ ਹੈ। ਪਿਛਲੇ ਸਮੇਂ ਵਿੱਚ ਖਾਣ ਪਦਾਰਥ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹੁਣ ਦਵਾਈਆਂ ਦੀਆਂ ਕੀਮਤਾਂ ਵਧਣ ਦੀਆਂ ਖਬਰਾਂ ਆ ਰਹੀਆਂ ਹਨ। ਅਪ੍ਰੈਲ ਤੋਂ ਦਰਦ ਨਿਵਾਰਕ ਦਵਾਈਆਂ, ਐਂਟੀਬਾਇਓਟਿਕਸ, ਐਂਟੀ-ਵਾਇਰਸ ਸਮੇਤ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਸਰਕਾਰ ਨੇ ਅਨੁਸੂਚਿਤ ਦਵਾਈਆਂ ਲਈ 10 ਪ੍ਰਤੀਸ਼ਤ ਤੋਂ ਵੱਧ ਵਾਧੇ ਦੀ ਇਜਾਜ਼ਤ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿ ਇਕਨਾਮਿਕ ਟਾਈਮਜ਼ ਦੇ ਅਨੁਸਾਰ, ਭਾਰਤ ਦੀ ਡਰੱਗ ਪ੍ਰਾਈਸਿੰਗ ਅਥਾਰਟੀ ਨੇ ਸ਼ੁੱਕਰਵਾਰ ਨੂੰ ਅਨੁਸੂਚਿਤ ਦਵਾਈਆਂ ਦੀਆਂ ਕੀਮਤਾਂ ਵਿੱਚ 10.7 ਪ੍ਰਤੀਸ਼ਤ ਵਾਧੇ ਦੀ ਆਗਿਆ ਦਿੱਤੀ ਹੈ। ਅਪ੍ਰੈਲ ਮਹੀਨੇ ਤੋਂ ਰਾਸ਼ਟਰੀ ਜ਼ਰੂਰੀ ਦਵਾਈਆਂ ਦੀ ਸੂਚੀ (NLIM) ਦੇ ਤਹਿਤ 800 ਤੋਂ ਵੱਧ ਦਵਾਈਆਂ ਦੀ ਕੀਮਤ ਵਧ ਜਾਵੇਗੀ। ਇਹ ਸਭ ਤੋਂ ਵੱਧ ਕੀਮਤ ਵਾਧੇ ਦੀ ਮਨਜ਼ੂਰੀ ਹੈ।ਇਸ ਦੇ ਨਾਲ ਹੀ 23 ਮਾਰਚ ਨੂੰ, ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਨੂੰ ਨਿਯੰਤਰਿਤ ਕਰਨ ਵਾਲੀ ਇੱਕ ਸਰਕਾਰੀ ਰੈਗੂਲੇਟਰੀ ਏਜੰਸੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੰਪਨੀਆਂ ਨੂੰ ਥੋਕ ਮੁੱਲ ਸੂਚਕ ਅੰਕ (WPI) ਦੇ ਅਧਾਰ ‘ਤੇ ਕੀਮਤਾਂ ਵਧਾਉਣ ਲਈ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਨ ਲਈ ਕਿਹਾ। ਇਸਦੇ ਤਹਿਤ ਹੀ ਕਿਹਾ ਗਿਆ ਕਿ 1 ਅਪ੍ਰੈਲ ਤੋਂ ਸਾਰੀਆਂ ਜ਼ਰੂਰੀ ਦਵਾਈਆਂ ਦੀ ਕੀਮਤ ਲਗਭਗ 2 ਫੀਸਦੀ ਵਧ ਸਕਦੀ ਹੈ।ਕਿਨ੍ਹਾਂ ਦਵਾਈਆਂ ਦੀਆਂ ਵਧਣਗੀਆਂ ਕੀਮਤਾਂ : ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ 875 ਤੋਂ ਵੱਧ ਦਵਾਈਆਂ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਸ਼ੂਗਰ, ਕੈਂਸਰ, ਹੈਪੇਟਾਈਟਸ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ ਆਦਿ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਮੌਜੂਦ ਹਨ। ਜਿਹੜੀਆਂ ਕੰਪਨੀਆਂ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਦਾ ਹਿੱਸਾ ਨਹੀਂ ਹਨ, ਉਨ੍ਹਾਂ ਨੂੰ ਸਾਲਾਨਾ 10 ਪ੍ਰਤੀਸ਼ਤ ਤੱਕ ਕੀਮਤਾਂ ਵਧਾਉਣ ਦੀ ਆਗਿਆ ਹੈ। ਇਸ ਸਮੇਂ ਫਾਰਮਾਸਿਊਟੀਕਲ ਮਾਰਕੀਟ ਦਾ 30 ਪ੍ਰਤੀਸ਼ਤ ਤੋਂ ਵੱਧ ਸਿੱਧੇ ਮੁੱਲ ਨਿਯੰਤਰਣ ਅਧੀਨ ਹੈ।ਕਿਉਂ ਵਧਣਗੀਆਂ ਦਵਾਈਆਂ ਦੀਆਂ ਕੀਮਤਾਂ : ਡਰੱਗ ਪ੍ਰਾਈਸ ਕੰਟਰੋਲ ਆਰਡਰ ਦੇ ਮੁਤਾਬਕ, ਜ਼ਰੂਰੀ ਦਵਾਈਆਂ ਦੀ ਕੀਮਤ ਫਾਰਮਾਸਿਊਟੀਕਲ ਕੰਪਨੀ ਦੇ WPI ‘ਚ ਬਦਲਾਅ ਦੇ ਆਧਾਰ ‘ਤੇ ਰੈਗੂਲੇਟਰ ਦੁਆਰਾ ਬਦਲੀ ਜਾਂਦੀ ਹੈ।ਜਿਹੜੀਆਂ ਦਵਾਈਆਂ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਦਾ ਹਿੱਸਾ ਹਨ, ਨੂੰ ਸਰਕਾਰ ਦੁਆਰਾ ਸਿੱਧੇ ਤੌਰ ‘ਤੇ ਨਿਯੰਤਰਿਤ ਕੀਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਦਵਾਈਆਂ ‘ਤੇ ਘੱਟੋ ਘੱਟ 1 ਪ੍ਰਤੀਸ਼ਤ ਦੀ ਮਾਰਕੀਟ ਹਿੱਸੇਦਾਰੀ ਦੇ ਨਾਲ ਇੱਕ ਸਧਾਰਨ ਔਸਤ ‘ਤੇ ਦਵਾਈਆਂ ਦੀ ਕੀਮਤ ਨੂੰ ਸੀਮਿਤ ਕੀਤਾ ਜਾਂਦਾ ਹੈ।
