Home Political ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ...

ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਮੇਰੀ ਸਰਕਾਰ ਸਖ਼ਤੀ ਨਾਲ ਨਿਪਟੇਗੀ-ਮੁੱਖ ਮੰਤਰੀ

42
0

ਇੱਕ ਵੀ ਗੋਲੀ ਚੱਲੇ ਬਿਨਾਂ ਅੰਮ੍ਰਿਤਪਾਲ ਨੂੰ ਕੀਤਾ ਗ੍ਰਿਫਤਾਰ- ਮੁੱਖ ਮੰਤਰੀ

ਚੰਡੀਗੜ੍ਹ, 23 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) -ਗਰਮਖਿਆਲੀ ਆਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਅੰਮ੍ਰਿਤਪਾਲ ਸਿੰਘ ਜੋ ਪੰਜਾਬ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥਠੋਕਾ ਸੀ, ਦੇ ਖਿਲਾਫ਼ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਬੇਕਸੂਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੰਘੀ 18 ਮਾਰਚ ਨੂੰ ਹੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਸਕਦੀ ਸੀ ਪਰ ਉਹ ਕਦੇ ਵੀ ਖੂਨ-ਖਰਾਬਾ ਨਹੀਂ ਹੋਣਾ ਦੇਣਾ ਚਾਹੁੰਦੇ ਸਨ ਅਤੇ ਅੱਜ ਇਕ ਵੀ ਗੋਲੀ ਚਲਾਏ ਬਿਨਾਂ ਵੱਖਵਾਦੀ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਅਮਨ-ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਸੀ ਪਰ ਸੂਬਾ ਸਰਕਾਰ ਨੇ ਅਜਿਹੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਇਸ ਸਾਜ਼ਿਸ਼ ਨੂੰ ਬੁਰੀ ਤਰ੍ਹਾਂ ਨਾਕਾਮ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਧਾਰਮਿਕ ਆਗੂ ਐਲਾਨਣ ਵਾਲਾ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੋ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਦੇਸ਼ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਲਈ ਉਕਸਾਉਣ ਵਾਲੀ ਸੰਸਥਾ ਚਲਾ ਰਿਹਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਭਗੌੜੇ ਨੂੰ ਫੜਨ ਲਈ ਸ਼ਨਿਚਰਵਾਰ ਸ਼ਾਮ ਤੋਂ ਚੱਲ ਰਹੇ ਅਪ੍ਰੇਸ਼ਨ ਬਾਰੇ ਜਾਣਦੇ ਸਨ ਅਤੇ ਸ਼ਨਿਚਰਵਾਰ ਤੇ ਐਤਵਾਰ ਦੀ ਰਾਤ ਉਹ ਸੁੱਤੇ ਵੀ ਨਹੀਂ ਕਿਉਂਕਿ ਉਹ ਅਧਿਕਾਰੀਆਂ ਤੋਂ ਹਰ 15 ਮਿੰਟ ਬਾਅਦ ਜਾਣਕਾਰੀ ਲੈਂਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ ‘ਤੇ ਹਮਲਾ ਕੀਤਾ ਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਕਿਸੇ ਵੀ ਸੂਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਨ੍ਹਾਂ ਲਈ ਸਰਵਉੱਚ ਹਨ, ਜਿਸ ਕਾਰਨ ਪੁਲਿਸ ਨੇ ਪਾਵਨ ਸਰੂਪ ਨੂੰ ਲੈ ਕੇ ਜਾਣ ਵਾਲੇ ਵਾਹਨ ਨੂੰ ਬਣਦਾ ਸਤਿਕਾਰ ਦਿੱਤਾ ਅਤੇ ਇਸ ਦੀ ਨਿਰਵਿਘਨ ਆਵਾਜਾਈ ਦੀ ਵੀ ਇਜਾਜ਼ਤ ਦਿੱਤੀ ਸੀ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਘਟਨਾ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਸਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਯਕੀਨੀ ਬਣਾਇਆ ਗਿਆ ਸੀ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਸ਼ਾਂਤੀ ਅਤੇ ਸੰਜਮ ਵਰਤਣ ਲਈ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਭਗਵੰਤ ਮਾਨ ਨੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਦੇ ਨਾਲ ਡਟ ਕੇ ਖੜ੍ਹਨ ਲਈ ਲੋਕਾਂ ਦੇ ਸ਼ੁਕਰਗੁਜ਼ਾਰ ਹੁੰਦਿਆਂ ਪੰਜਾਬ ਨੂੰ ਦੇਸ਼ ਵਿੱਚ ਸ਼ਾਂਤਮਈ, ਅਗਾਂਹਵਧੂ ਅਤੇ ਖੁਸ਼ਹਾਲ ਸੂਬੇ ਵਜੋਂ ਉਭਾਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। .
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਸੂਬੇ ਦੇ ਨੌਜਵਾਨਾਂ ਨੂੰ ਧਰਮ ਦੇ ਨਾਂ ‘ਤੇ ਚਲਾਈਆਂ ਜਾ ਰਹੀਆਂ ਨਫਰਤ ਦੀਆਂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ। ਮੈਂ ਨੌਜਵਾਨਾਂ ਦੇ ਹੱਥਾਂ ‘ਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਅਹਿਮ ਅਹੁਦਿਆਂ ‘ਤੇ ਨਿਯੁਕਤੀ ਦੇਖਣਾ ਚਾਹੁੰਦੇ ਹਨ ਪਰ ਇਹ ਆਗੂ ਨੌਜਵਾਨਾਂ ਨੂੰ ਹੱਥਾਂ ‘ਚ ਹਥਿਆਰ ਫੜਨ ਦਾ ਸੱਦਾ ਦੇ ਕੇ ਪੁੱਠੇ ਰਾਹ ਉਤੇ ਤੋਰਨਾ ਚਾਹੁੰਦੇ ਹਨ।” ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਇਹ ਭਰਮ ਪਾਲ ਰਹੀਆਂ ਹਨ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡ ਸਕਦੀਆਂ ਹਨ ਪਰ ਅਜਿਹਾ ਕਿਸੇ ਵੀ ਕੀਮਤ ਉਤੇ ਸੰਭਵ ਨਹੀਂ ਕਿਉਂਕਿ ਅਮਨ ਪਸੰਦ ਪੰਜਾਬੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇਸ ‘ਤੇ ਨਫ਼ਰਤ ਅਤੇ ਦੁਸ਼ਮਣੀ ਤੋਂ ਇਲਾਵਾ ਕੁਝ ਵੀ ਉਗ ਸਕਦਾ ਹੈ। ਉਨ੍ਹਾਂ ਨੇ ਕੌਮੀ ਆਜ਼ਾਦੀ ਸੰਘਰਸ਼, ਸੂਬੇ ਦੀਆਂ ਸਰਹੱਦਾਂ ਦੀ ਰਾਖੀ ਦੇ ਨਾਲ-ਨਾਲ ਹਰੀ ਅਤੇ ਚਿੱਟੀ ਕ੍ਰਾਂਤੀ ਦੇ ਦੌਰ ਦੀ ਸ਼ੁਰੂਆਤ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਚੇਤੇ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਸੂਬੇ ਦੇ ਚਾਰ ਬਹਾਦਰ ਜਵਾਨਾਂ ਨੇ ਜੰਮੂ-ਕਸ਼ਮੀਰ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।

LEAVE A REPLY

Please enter your comment!
Please enter your name here