ਮੋਗਾ, 25 ਅਪ੍ਰੈਲ ( ਰੋਹਿਤ ਗੋਇਲ) -ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ ਵੱਲੋਂ ਰੈੱਡ ਕਰਾਸ ਦੇ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਚੱਲ ਰਹੇ ਸਕਿੱਲ ਸੈਂਟਰ ਦੇ ਸਿੱਖਿਆਰਥੀਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ।
ਜਾਣਕਾਰੀ ਦਿੰਦਿਆਂ ਸੁਭਾਸ਼ ਚੰਦਰ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਉ ਤੇ ਪੁਨਰ ਵਸੇਬਾ ਕੇਂਦਰ ਜਨੇਰ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਇਲਾਜ ਦੇ ਨਾਲ-ਨਾਲ ਸਟਰੀਟ ਫੂਡ ਵੈਂਡਰ ਦਾ ਕੋਰਸ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਇਹ ਨੌਜਵਾਨ ਰੋਜ਼ਗਾਰ ਪ੍ਰਾਪਤ ਕਰਦੇ ਹੋਏ ਅੱਗੇ ਵਧ ਸਕਣ।
ਇਨ੍ਹਾਂ ਸਿੱਖਿਆਰਥੀਆਂ ਵਿੱਚੋਂ ਦੋ ਮਹੀਨੇ ਦੇ ਸਟਰੀਟ ਫੂਡ ਵੈਂਡਰ ਦਾ ਕੋਰਸ ਕਰਨ ਉਪਰੰਤ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ ਅਤੇ ਯੋਗ ਇੱਛੁੱਕ ਨੌਜਵਾਨਾਂ ਨੂੰ ਰੋਜ਼ਗਾਰ/ਸਵੈ ਰੋਜ਼ਗਾਰ ਦੇ ਮੌਕੇ ਵੀ ਦਿੱਤੇ ਜਾਣਗੇ। ਰੋਜ਼ਾਨਾ ਟ੍ਰੇਨਿੰਗ ਦੌਰਾਨ ਫਾਸਟ ਫੂਡ, ਕੰਪਿਊਟਰ, ਯੋਗਾ, ਸਾਫਟ ਸਕਿੱਲ ਦੀਆਂ ਕਲਾਸਾਂ ਸਟਾਫ਼ ਵੱਲੋਂ ਲਗਾਈਆਂ ਜਾ ਰਹੀਆਂ ਹਨ।ਅੱਜ ਇਸ ਮੌਕੇ ਜ਼ਿਲ੍ਹਾ ਮੈਨੇਜਰ ਸਕਿੱਲ ਡਿਵੈਲਪਮੈਂਟ ਮਨਪ੍ਰੀਤ ਕੌਰ ਤੇ ਪੁਸ਼ਰਾਜ ਝਾਜਰਾ ਆਈ.ਈ.ਸੀ. ਨੇ ਵੀ ਸਿੱਖਿਆਰਥੀਆਂ ਨੂੰ ਪੂਰੀ ਸ਼ਿੱਦਤ ਨਾਲ ਟ੍ਰੇਨਿੰਗ ਤੇ ਇਲਾਜ ਰਾਹੀਂ ਅੱਗੇ ਵਧਣ ਲਈ ਪ੍ਰੇਰਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਿਕੰਦਰ ਗਿੱਲ ਢੁੱਡੀਕੇ ਵੱਲੋਂ ਸੈਂਟਰ ਦੇ ਵਿੱਚ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਕਾਊਂਸਲਿੰਗ ਕਰਦੇ ਹੋਏ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਨਸ਼ਾ ਮੁਕਤ ਜੀਵਨ ਜਿਉਣ ਲਈ ਪ੍ਰੇਰਿਆ।
ਇਸ ਮੌਕੇ ਰੈੱਡ ਕਰਾਸ ਦੇ ਇੰਚਾਰਜ ਹਰਪ੍ਰੀਤ ਸਿੰਘ, ਸੈਂਟਰ ਹੈੱਡ ਗੁਰਪ੍ਰੀਤ ਸਿੰਘ, ਪਲੇਸਮੈਂਟ ਹੈੱਡ ਮਨਪ੍ਰੀਤ ਕੌਰ, ਜਗਮੀਤ ਲਾਲ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।