ਫ਼ਿਰੋਜ਼ਪੁਰ, 25 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)- ਅੰਤਿਮ ਅਰਦਾਸ ‘ਚ ਸ਼ਾਮਲ ਹੋ ਕੇ ਬਾਈਕ ‘ਤੇ ਸਵਾਰ ਹੋ ਕੇ ਘਰ ਪਰਤ ਰਹੀ ਬਾਈਕ ਸਵਾਰ ਮਹਿਲਾ ਅਤੇ ਉਸ ਦੀ 8 ਸਾਲਾ ਬੇਟੀ ਦੀ ਟਰੱਕ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਮਾਂ-ਧੀ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਗਿਆ। ਥਾਣਾ ਸਿਟੀ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਫ਼ਿਰੋਜ਼ਪੁਰ ਸ਼ਹਿਰ ਦੇ ਕਸੂਰੀ ਫਾਟਕ ਨੇੜੇ ਵਾਪਰਿਆ। 40 ਸਾਲਾ ਸੀਮਾ ਅਤੇ ਉਸ ਦੀ 8 ਸਾਲਾ ਬੇਟੀ ਸਿਮਰਨ ਵਾਸੀ ਪਿੰਡ ਦੁਲਚੀ ਐਤਵਾਰ ਸਵੇਰੇ ਕਿਸੇ ਰਿਸ਼ਤੇਦਾਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਦੇਰ ਸ਼ਾਮ ਸੀਮਾ ਆਪਣੀ ਧੀ ਅਤੇ ਜੀਜੇ ਨਾਲ ਮੋਟਰਸਾਈਕਲ ’ਤੇ ਪਿੰਡ ਦੁਲਚੀਕੇ ਨੂੰ ਪਰਤ ਰਹੀ ਸੀ। ਜਦੋਂ ਉਹ ਕਸੂਰੀ ਫਾਟਕ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਸੀਮਾ ਅਤੇ ਸਿਮਰਨ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੀਮਾ ਦਾ ਜੀਜਾ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਗਰਭਵਤੀ ਦੱਸੀ ਜਾ ਰਹੀ ਹੈ।
ਸੂਚਨਾ ਮਿਲਦੇ ਹੀ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲੀਸ ਕਾਰਵਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਔਰਤ ਦਾ ਪਤੀ ਕਿਸੇ ਹੋਰ ਸ਼ਹਿਰ ‘ਚ ਰਹਿੰਦਾ ਹੈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਭੇਜ ਦਿੱਤੀ ਹੈ। ਜੋ ਕਿ ਫ਼ਿਰੋਜ਼ਪੁਰ ਪਹੁੰਚ ਰਹੇ ਹਨ।
