ਕਿਰਤੀਆਂ ਨੂੰ ਵੱਖ ਵੱਖ ਲੋਕ ਭਲਾਈ ਸਕੀਮਾਂ ਤਹਿਤ 86 ਲਾਭਪਾਤਰੀਆਂ ਨੂੰ ਲਾਭ ਦੇਣ ਲਈ 35 ਲੱਖ 17 ਹਜ਼ਾਰ ਦੀ ਰਾਸ਼ੀ ਮਨਜ਼ੂਰ
ਮਾਲੇਰਕੋਟਲਾ 26 ਅਪ੍ਰੈਲ ( ਰਾਜਨ ਜੈਨ)-ਕਿਰਤ ਵਿਭਾਗ ਪੰਜਾਬ ਵੱਲੋਂ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਦਾ ਲਾਭ ਦੇਣ ਲਈ ਉਪ ਮੰਡਲ ਮੈਜਿਸਟ੍ਰੇਟ ਕਰਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਪੱਧਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਕਿਰਤ ਵਿਭਾਗ,ਪੰਜਾਬ ਵਲੋਂ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਵਰਕਰਜ ਬੋਰਡ ਵੱਲੋਂ ਰਜਿਸਟਰਡ 86 ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਲਾਭ ਦੇਣ ਲਈ 35 ਲੱਖ 17 ਹਜ਼ਾਰ ਰੁਪਏ ਦੀ ਰਸਮੀ ਪ੍ਰਵਾਨਗੀ ਦਿੱਤੀ ਗਈ । ਇਸ ਮੌਕੇ ਸਬ ਡਵੀਜਨਲ ਕਮੇਟੀ ਵਲੋਂ 58 ਲਾਭਪਾਤਰੀਆਂ ਨੂੰ ਵਜ਼ੀਫ਼ਾ ਸਕੀਮ ਤਹਿਤ 10,25,000 ਰੁਪਏ, 02 ਯਾਤਰੀਆਂ ਨੂੰ ਐਲ.ਟੀ.ਸੀ. ਸਕੀਮ ਤਹਿਤ 20 ਹਜ਼ਾਰ ਰੁਪਏ, 08 ਐਕਸ ਗਰੇਸੀਆ ਦੇ ਲਾਭਪਾਤਰੀਆਂ ਨੂੰ 18 ਲੱਖ ਰੁਪਏ , 06 ਲਾਭਪਾਤਰੀਆਂ ਨੂੰ ਦਾਹ ਸੰਸਕਾਰ ਲਈ ਇੱਕ ਲੱਖ 20 ਹਜ਼ਾਰ ਰੁਪਏ ਅਤੇ 12 ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ 5 ਲੱਖ 52 ਹਜ਼ਾਰ ਰੁਪਏ ਦੇ ਕੇਸਾਂ ਨੂੰ ਰਸਮੀ ਪ੍ਰਵਾਨਗੀ ਦਿੱਤੀ ਗਈ ਐਸ.ਡੀ.ਐਮ ਕਰਨਦੀਪ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵਲੋਂ ਲੋਕ ਭਲਾਈ ਹਿਤ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ’ਤੇ ਬਿਨਾਂ ਕਿਸੇ ਦੇਰੀ ਦੇ ਪੁੱਜਦਾ ਕੀਤਾ ਜਾਵੇ । ਉਨ੍ਹਾਂ ਹਦਾਇਤ ਕੀਤੀ ਕਿ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਸਬੰਧੀ ਅਤੇ ਰਜਿਸਟਰੇਸ਼ਨ ਪ੍ਰਕਿਰਿਆ ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਜਾਗਰੂਕਤਾ ਕੈਂਪ ਲਗਾਏ ਜਾਣ ਤਾਂ ਜੋ ਉਨ੍ਹਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜ ਦਾ ਹੋ ਸਕੇ ।ਸਹਾਇਕ ਕਿਰਤ ਕਮਿਸ਼ਨਰ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਉਸਾਰੀ ਦੇ ਕੰਮ ਨਾਲ ਸਬੰਧਤ ਕਿਰਤੀ ਜਿਵੇਂ ਰਾਜ ਮਿਸਤਰੀ, ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰੇਜ, ਮਾਰਬਲ ਟਾਈਲਾਂ ਲਗਾਉਣ ਵਾਲੇ,ਪੇਂਟਰ,ਪੀ.ਓ.ਪੀ.ਕਰਨ ਵਾਲੇ,ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕ, ਆਦਿ ਤੇ ਉਸਾਰੀ, ਮੁਰੰਮਤ ਦਾ ਕੰਮ ਕਰਨ ਵਾਲੇ ਉਸਾਰੀ ਕਿਰਤੀਆਂ ਦੀ ਕੜੀ ਵਿੱਚ ਸ਼ਾਮਲ ਹਨ । ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਰਾਜ ਵਿੱਚ ਉਹ ਉਸਾਰੀ ਕਿਰਤੀ ਜਿਸ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੈ ਅਤੇ ਜਿਸ ਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ ਘੱਟ 90 ਦਿਨ ਉਸਾਰੀ ਦਾ ਕੰਮ ਕੀਤਾ ਹੋਵੇ। ਉਹ ਬੋਰਡ ਲਾਭਪਾਤਰੀ ਬੋਰਡ ਦਾ ਮੈਂਬਰ ਬਣਨ ਯੋਗ ਹੈ।ਲੇਬਰ ਇੰਸਪੈਕਟਰ ਪਵਨੀਤ ਕੌਰ ਨੇ ਦੱਸਿਆ ਕਿ ਕਿਰਤ ਵਿਭਾਗ ਨਾਲ ਸਬੰਧਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਬੋਰਡ ਅਧੀਨ ਲਾਭਪਾਤਰੀ ਰਜਿਸਟਰਡ ਹੋਣਾ ਜ਼ਰੂਰੀ ਹੈ। ਇਸ ਲਈ ਜ਼ਿਲ੍ਹੇ ਨਾਲ ਸਬੰਧਤ ਸਾਰੇ ਉਸਾਰੀ ਕਿਰਤੀਆਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ ਹੋ ਕੇ ਉਹ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ । ਮੈਂਬਰ ਬਣਨ ਲਈ ਰਜਿਸਟਰੇਸ਼ਨ ਲਈ ਫਾਰਮ ਸੇਵਾ ਕੇਂਦਰਾਂ ਤੋਂ ਲਏ ਜਾ ਸਕਦੇ ਹਨ ਅਤੇ ਸੇਵਾ ਕੇਂਦਰਾਂ ਤੇ ਨਿਰਧਾਰਿਤ ਫ਼ੀਸ ਅਦਾ ਕਰਕੇ ਆਪਣੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।