“ਬਾਗਬਾਨੀ ਵਿਭਾਗ ਵਲੋਂ ਫਲ੍ਹਾਂ ਤੋਂ ਤਿਆਰ ਕੀਤੀ ਜਾਂਦੀ ਹੈ ਸੁਕੈਸ਼”
ਲੁਧਿਆਣਾ, 26 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ (ਆਈ.ਏ.ਐਸ.) ਵਲੋਂ ਬਾਗਬਾਨੀ ਵਿਭਾਗ ਦੁਆਰਾ ਸਰਕਾਰੀ ਫਲ੍ਹ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਲੀਚੀ,ਨਿੰਬੂ,ਸੰਤਰਾ,ਪਾਇਨ-ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਸਪਲਾਈ ਲਈ ਸੁਕੈਸ਼ ਸੀਜਨ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਗੁਰਜੀਤ ਸਿੰਘ ਬੱਲ, ਸਹਾਇਕ ਡਾਇਰੈਕਟਰ ਬਾਗਬਾਨੀ, ਲੁਧਿਆਣਾ,ਡਾ: ਜਸਪ੍ਰੀਤ ਕੌਰ ਗਿੱਲ ਸਿੱਧੂ, ਬਾਗਬਾਨੀ ਵਿਕਾਸ ਅਫਸਰ,ਲੁਧਿਆਣਾ,ਡਾ: ਗੁਰਪ੍ਰੀਤ ਕੌਰ,ਬਾਗਬਾਨੀ ਵਿਕਾਸ ਅਫਸਰ,ਮਨਿੰਦਰ ਸਿੰਘ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਪੰਜਾਬ ਨਾ ਸਿਰਫ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹਟਾ ਕੇ ਬਾਗਬਾਨੀ ਫਸਲ੍ਹਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ, ਸਗੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਭਰਪੂਰ ਉਪਰਾਲੇ ਕਰ ਰਿਹਾ ਹੈ।ਵਿਭਾਗ ਵੱਲੋਂ ਲੋਕਾਂ ਦੀ ਚੰਗੀ ਸਿਹਤ ਲਈ ਵੱਖ-ਵੱਖ ਫਲ੍ਹਾਂ ਤੋਂ ਤਿਆਰ ਕੀਤੇ ਸੁਕੈਸ਼ ਬਿਨਾ ਕਿਸੇ ਲਾਭ/ਹਾਨੀ ਦੇ ਅਧਾਰ ‘ਤੇ ਸਪਲਾਈ ਕੀਤੀ ਜਾ ਰਹੀ ਹੈ।ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵਿੱਚ ਸਰਕਾਰੀ ਫਲ੍ਹ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਲੀਚੀ,ਨਿੰਬੂ,ਸੰਤਰਾ, ਪਾਇਨ-ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਪੂਰੇ ਰਾਜ ਵਿੱਚ ਭਾਰੀ ਮੰਗ ਹੈ,ਡਾਇਰੈਕਟਰ ਬਾਗਬਾਨੀ ਪੰਜਾਬ,ਸ਼ੈਲਿੰਦਰ ਕੌਰ, ਆਈ.ਐਫ.ਐਸ. ਦੀ ਯੋਗ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਹੁਸ਼ਿਆਰਪੁਰ,ਗੁਰਦਾਸਪੁਰ,ਅਮ੍ਰਿਤਸਰ ਸਾਹਿਬ,ਤਰਨਤਾਰਨ,ਫਿਰੋਜਪੁਰ, ਨਵਾਂ-ਸ਼ਹਿਰ, ਜਲੰਧਰ, ਕਪੂਰਥਲਾ ਅਤੇ ਮੋਗਾ ਆਦਿ ਜਿਲ੍ਹਿਆਂ ਵੱਲੋਂ ਸੁਕੈਸ਼ ਦੀ ਕੀਤੀ ਭਾਰੀ ਮੰਗ ਨੂੰ ਵੇਖਦੇ ਹੋਏ ਸਪਲਾਈ ਕੀਤੀ ਜਾ ਰਹੀ ਹੈ।ਡਾ: ਨਰਿੰਦਰ ਪਾਲ ਕਲਸੀ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਨੇ ਦੱਸਿਆ ਕਿ ਲੈਬ ਵਿੱਚ ਫਲ੍ਹ ਪਦਾਰਥ ਤਿਆਰ ਕਰਨ ਸਮੇਂ ਸਾਫ ਸਫਾਈ ਦੇ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਉਕਤ ਫਲ੍ਹ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦਾ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀਂ ਵਰਤਿਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਲਡ ਡਰਿੰਕ ਦੀ ਥਾਂ ‘ਤੇ ਵੱਧ ਤੋਂ ਵੱਧ ਸੁਕੈਸ਼ ਦੀ ਵਰਤੋ ਕਰਨ, ਜੋ ਕਿ ਨਾ ਸਿਰਫ ਚੰਗੀ ਅਤੇ ਨਿਰੋਈ ਸਿਹਤ ਲਈ ਫਾਇਦੇਮੰਦ ਹੈ ਸਗੋਂ ਕਲੋਡ ਡਰਿੰਕ ਨਾਲੋਂ ਸਸਤੀ ਵੀ ਪੈਂਦੀ ਹੈ।