ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ 95 ਸਾਲ ਤੱਕ ਦੀ ਉਮਰ ਵਿਚ ਵੀ ਸਰਗਰਮ ਰਾਜਨੀਤਿਕ ਭੂਮਿਕਾ ਵਿਚ ਰਹੇ । ਉੁਹ ਆਪਣੀ ਸਾਰੀ ਉਮਰ ਤੱਕ ਲਗਾਤਾਰ ਸਿਆਸਤ ਵਿੱਚ ਸਰਗਰਮ ਰਹੇ ਅਤੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਜਦੋਂ ਉਹ ਪਹਿਲੀ ਵਾਰੀ ਪਿੰਡ ਦੇ ਸਰਪੰਚ ਵਜੋਂ ਚੁਣੇ ਗਏ ਸਨ ਤਾਂ ਉਹ ਉਸ ਸਮੇਂ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸਨ। ਜਦੋਂ ਉਹ ਪਹਿਲੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਦੋਂ ਵੀ ਉਹ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਸਨ ਅਤੇ ਜਦੋਂ ਜੀਵਨ ਦੀ ਆਖਰੀ ਚੋਣ ਲੜੀ ਤਾਂ ਉਹ ਸਭ ਤੋਂ ਵਧੇਰੇ ਉਮਰ ਦੇ ਉਮੀਦਵਾਰ ਸਨ। ਜ਼ਿੰਦਗੀ ਵਿੱਚ ਕਈ ਉਤਰਾਅ-ਚੜ੍ਹਾਅ ਦੇਖਣ ਵਾਲੀ ਇਹ ਸ਼ਖਸੀਅਤ ਆਪਣੀ ਨਿਮਰਤਾ ਸਦਕਾ ਪੂਰੇ ਦੇਸ਼ ਵਿੱਚ ਸਤਿਕਾਰੀ ਜਾਂਦੀ ਹੈ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੂਬੇ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਵੀ ਸ਼ਰਧਾਂਜਲੀ ਦੇਣ ਲਈ ਪੁੱਜੇ, ਜੋ ਕਿ ਇੱਕ ਸ਼ਿਸ਼ਟਾਚਾਰ ਹੈ। ਪਰ ਪ੍ਰਧਾਨ ਮੰਤਰੀ ਦੇ ਆਉਣ ’ਤੇ ਇਹ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਵਿਚ ਇਕ ਵਾਰ ਫਿਰ ਤੋਂ ਰਾਜਨੀਤਿਕ ਸਮੀਕਰਨ ਬਦਲ ਜਾਣ। ਬਾਦਲ ਦੀ ਅਗੁਵਾਈ ਹੇਠ ਅਕਾਲੀ ਦਲ ਦਾ ਭਾਜਪਾ ਨਾਲ 20 ਸਾਲ ਤੱਕ ਲੰਬਾ ਗਠਜੋੜ ਰਿਹਾ। ਪ੍ਰਕਾਸ਼ ਸਿੰਘ ਬਾਦਲ ਵਲੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਾਉਣ ਲਈ ਬਿਨ੍ਹਾਂ ਸ਼ਰਤ ਸਮਰਥਮ ਦਿਤਾ ਸੀ ਅਤੇ ਉਸ ਸਮੇਂ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਦੀ ਅਗੁਵਾਈ ਹੇਠ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ। ਉਸਤੋਂ ਬਾਅਦਭਾਵੇਂ ਦੋਵਾਂ ਪਾਰਟੀਆਂ ਵਿਚਕਾਰ ਕੌਮੀ ਮੁੱਦਿਆਂ ਨੂੰ ਲੈ ਕੇ ਕਈ ਵਾਰ ਮਤਭੇਦ ਸਾਹਮਣੇ ਵੀ ਆਏ ਪਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿਖਾਈ ਗਈ ਸਮਝਦਾਰੀ ਕਾਰਨ ਸਾਰੇ ਵਿਵਾਦ ਸੁਲਝ ਗਏ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਭਾਜਪਾ ਨਾਲ ਅਕਾਲੀ ਦਲ ਨੇ ਆਪਣਾ ਸਿਆਸੀ ਗਠਜੋੜ ਖਤਮ ਕਰ ਦਿੱਤਾ। ਜਿਸ ਤੋਂ ਬਾਅਦ ਅਕਾਲੀ ਦਲ ਅਤੇ ਬੀਜੇਪੀ ਦੋਵਾਂ ਨੇ ਹੀ ਚੋਣਾਂ ਲੜੀਆਂ ਪਰ ਦੋਵਾਂ ਨੂੰ ਹੀ ਭਾਰੀ ਨੁਕਸਾਨ ਹੋਇਆ ਹੈ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਦੀ ਉੱਚ ਲੀਡਰਸ਼ਿਪ ਗਠਜੋੜ ਟੁੱਟਣ ਨਾਲ ਦੁਖੀ ਹੋਈ ਪਰ ਪੰਜਾਬ ’ਚ ਸਮੀਕਰਨ ਅਜਿਹੇ ਬਣ ਗਏ ਹਨ ਕਿ ਅਕਾਲੀ ਦਲ ਭਾਜਪਾ ਨਾਲ ਦੁਬਾਰਾ ਚਾਹੁੰਦੇ ਹੋਏ ਵੀ ਗਠਜੋੜ ਵੱਲ ਕਦਮ ਨਹੀਂ ਵਧਾ ਸਕਿਆ। ਹੁਣ ਪ੍ਰਧਾਨ ਮੰਤਰੀ ਮੋਦੀ ਵਲੋਂ ਬਾਦਲ ਦਾ ਅਫਸੋਸ ਕਰਨ ਲਈ ਪੰਜਾਬ ਆਉਣਾ ਇਸ ਗੱਲ ਦਾ ਵੀ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਗਠਜੋੜ ਮੁੜ ਬਹਾਲ ਹੋ ਸਕਦਾ ਹੈ। ਜਿਸ ’ਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਸੁਖਬੀਰ ਬਾਦਲ ਦੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਵੱਡੀ ਭੂਮਿਕਾ ਨਿਭਾ ਸਕਦੇ ਹਨ। ਜੋ ਕਿ ਇਸ ਸਮੇਂ ਭਾਜਪਾ ਵਿਚ ਹਨ। ਇਸਤੋਂ ਇਲਾਵਾ ਪੰਜਾਬ ਵਿਚ ਵੀ ਸਿਆਸੀ ਉਥਲ-ਪੁਥਲ ਹੋਣ ਦੇ ਆਸਾਰ ਹਨ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰੀ ਬਰਕਰਾਰ ਸੀ। ਜਦੋਂ ਕਿ ਬਾਦਲ ਦੇ ਨਾਲ ਪਾਰਟੀ ਖੜ੍ਹਾ ਕਰਨ ਵਾਲੀ ਜਿਆਦਾਤਰ ਲੀਡਰਸ਼ਿਪ ਪਾਰਟੀ ਤੋਂ ਕਿਨਾਰਾ ਇਸ ਲਈ ਕਰ ਚੁੱਕੀ ਹੈ ਕਿ ਉਸਨੂੰ ਸੁਖਬੀਰ ਬਾਦਲ ਦੀ ਅਗੁਵਾਈ ਮਨਜੂਰ ਨਹੀਂ। ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ’ਚ ਉਥਲ-ਪੁਥਲ ਮੱਚਣੀ ਵੀ ਤੈਅ ਹ। ਹੁਣ ਵੀ ਪਾਰਟੀ ਅੰਦਰ ਅਜਿਹੇ ਕਈ ਆਗੂ ਹਨ, ਜੋ ਸੁਖਬੀਰ ਬਾਦਲ ਦੀ ਅਗੁਵਾਈ ਕਬੂਲ ਕਰਨੀ ਨਹੀਂ ਚਾਹੁੰਦੇ। ਇਸ ਲਈ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਦਾ ਰੱਖਣ ਲਈ ਸੁਖਬੀਰ ਬਾਦਲ ਨੂੰ ਲਾਂਭੇ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਬਾਦਲ ਪਰਿਵਾਰ ਦਾ ਦਬਦਬਾ ਹਮੇਸ਼ਾ ਲਈ ਖਤਮ ਹੋ ਜਾਵੇਗਾ ਅਤੇ ਸਾਰੀਆਂ ਨਾਰਾਜ਼ ਧਿਰਾਂ ਇੱਕ ਮੰਚ ’ਤੇ ਆ ਕੇ ਮੁੜ ਤੋਂ ਮਜਬੂਤੀ ਨਾਲ ਖੜ੍ਹ ਸਕਦੀਆਂ ਹਨ। ਜਿਸਦਾ ਚੋਣ ਮੈਦਾਨ ਵਿੱਚ ਨਿਸ਼ਚਤ ਤੌਰ ’ਤੇ ਪਾਰਟੀ ਨੂੰ ਲਾਭ ਹੋਵੇਗਾ। ਇਸਦੇ ਨਾਲ ਹੀ ਪਾਰਟੀ ਆਗੂਆਂ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਗਬੀ ਦੇ ਮਾਮਲਿਆਂ ਨੂੰ ਲੈ ਕੇ ਉਂਗਲ ਉੱਠ ਰਹੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਬਕਾਇਦਾ ਤੌਰ ਤੇ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਣੀ ਸ਼ੁਰੂ ਹੋ ਗਈ ਸੀ ਉਸ ਵਿਚ ਵੀ ਵੱਡਾ ਬਚਾਅ ਹੋ ਸਕਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਤੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਲਾਂਭੇ ਕਰਨ ਨਾਲ ਬੇਅਦਬੀ ਦੀਆਂ ਘਟਨਾਵਾਂ ਦਾ ਸਰਾਪ ਵੀ ਮਿਟ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਪੰਜਾਬ ਵਿਚ ਮਜਬੂਤੀ ਨਾਲ ਉੱਭਰ ਕੇ ਸਾਹਮਣੇ ਆ ਸਕਦੀ ਹੈ। ਹੁਣ ਸਮਾਂ ਹੀ ਦੱਸੇਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਇੱਕ ਯੁੱਗ ਦਾ ਅੰਤ ਹੋ ਗਿਆ ਜਾਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
ਹਰਵਿੰਦਰ ਸਿੰਘ ਸੱਗੂ ।