Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਭ੍ਰਿਸ਼ਟਾਚਾਰ ਦੇਖਣਾ ਹੈ ਤਾਂ ਮੁੱਖ ਮੰਤਰੀ ਨੂੰ ਜ਼ਮੀਨੀ...

ਨਾਂ ਮੈਂ ਕੋਈ ਝੂਠ ਬੋਲਿਆ..?
ਭ੍ਰਿਸ਼ਟਾਚਾਰ ਦੇਖਣਾ ਹੈ ਤਾਂ ਮੁੱਖ ਮੰਤਰੀ ਨੂੰ ਜ਼ਮੀਨੀ ਪੱਧਰ ’ਤੇ ਦੇਖਣ

42
0


ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਵਾਅਦੇ ਕਰਕੇ ਸੱਤਾ ਵਿਚ ਆਈ ਸੀ। ਉਨ੍ਹਾਂ ਵਾਅਦਿਆਂ ਵਿਚੋਂ ਇਕ ਵਾਅਦਾ ਇਹ ਵੀ ਸੀ ਕਿ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਗੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਪੰਜਾਬ ਵਿਚ ਕਿਸੇ ਨਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਵਿਜੀਲੈਂਸ ਵਲੋਂ ਪਕੜਿਆ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਪੰਜਾਬ ’ਚ ਭ੍ਰਿਸ਼ਟਾਚਾਰ ਅਜੇ ਵੀ ਸਿਖਰਾਂ ’ਤੇ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਹੈ ਕਿ ਉਨ੍ਹਾਂ ਪੰਜਾਬ ’ਚੋਂ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿਤਾ ਹੈ। ਹੁਣ ਕੋਈ ਵੀ ਭ੍ਰਿਸ਼ਟਾਚਾਰੀ ਰਿਸ਼ਵਤ ਲੈਣ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ। ਪਰ ਉਨ੍ਹਾਂ ਦਾ ਇਹ ਦਾਅਵਾ ਬੇਬੁਨਿਆਦ ਹੈ ਕਿਉਂਕਿ ਪਹਿਲਾਂ ਵੀ ਭ੍ਰਿਸ਼ਟਾਚਾਰ ਹੇਠਲੇ ਪੱਧਰ ’ਤੇ ਪੂਰੀ ਤਰ੍ਹਾਂ ਧੜ੍ਹੱਲੇ ਨਾਲ ਚੱਲਦਾ ਸੀ ਅਤੇ ਹੁਣ ਵੀ ਉਹੀ ਸਥਿਤੀ ਬਰਕਰਾਰ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭ੍ਰਿਸ਼ਟਾਚਾਰ ਹੁਣ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਜੋ ਅਫਸਰ ਅਤੇ ਦਲਾਲ ਇਕ ਕੰਮ ਨੂੰ ਪੰਜ ਹਜਾਰ ਵਿਚ ਕਰ ਦਿੰਦੇ ਸਨ ਹੁਣ ਉਹੀ ਕੰਮ 20 ਹਜਾਰ ਵਿਚ ਹੁੰਦਾ ਹੈ। ਕੰਮ ਕਰਨ ਲੱਗੇ ਦਲਾਲ ਅਤੇ ਅਫਸਰ ਅਹਿਸਾਨ ਵੀ ਜਤਾਉਂਦੇ ਹਨ ਕਿ ਤੇਰਾ ਕੰਮ ਕਰ ਦਿਤਾ , ਪਰ ਉਤੋਂ ਸਖਤਾਈ ਬਹੁਤ ਹੈ। ਮੌਜੂਦਾ ਸਮੇਂ ਅੰਦਰ ਤਹਿਸੀਲਾਂ, ਪੁਲਿਸ ਵਿਭਾਗ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਦੀ ਖੂਬ ਚਰਚਾ ਹੁੰਦੀ ਹੈ। ਤਹਿਸੀਲਾਂ ਅਤੇ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਕੋਈ ਸੀਮਾ ਨਹੀਂ ਬਚੀ ਹੈ। ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ, ਤਾਂ ਉਨ੍ਹਾਂ ਕੋਲ ਸਰਕਾਰੀ ਮਸ਼ੀਨਰੀ ਅਤੇ ਕਈ ਏਜੰਸੀਆਂ ਵੀ ਹਨ ਜੋ ਉਨ੍ਹਾਂ ਨੂੰ ਪਲ-ਪਲ ਦੀ ਖਬਰ.ਦਿੰਦੀਆਂ ਹਨ। ਮੁੱਖ ਮੰਤਰੀ ਨੂੰ ਉਨ੍ਹੰ ਦੀਆਂ ਸੇਵਾਵਾਂ ਜਰੂਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਜਮੀਨੀ ਹਕੀਕਤ ਪਤਾ ਚੱਲ ਸਕੇ। ਇਸ ਸਮੇਂ ਇਕੱਲੇ ਮੁੱਖ ਮੰਤਰੀ ਹੀ ਨਹੀਂ, ਉਨ੍ਹਾਂ ਦੀ ਸਰਕਾਰ ਦਾ ਹਰ ਵਿਧਾਇਕ ਤੇ ਮੰਤਰੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਹੈ। ਪਰ ਤਹਿਸੀਲ ਪੱਧਰ ’ਤੇ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਹੋ ਰਿਹਾ ਹੈ ਕੀ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਇਸ ਦਾ ਪਤਾ ਨਹੀਂ ਹੈ ? ਅੱਜ ਦਲਾਲ ਕਿਸਮ ਦੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹਨ ਕਿਉਂਕਿ ਗਲਤ ਸੋਚ ਵਾਲੇ ਅਜਿਹੇ ਲੋਕਾਂ ਦਾ ਹਮੇਸ਼ਾ ਹੀ ਸਰਕਾਰੀ ਸਿਸਟਮ ਅਤੇ ਸਿਆਸੀ ਲੋਕਾਂ ਨਾਲੋਂ ਚੰਗਾ ਵਿਵਹਾਰ ਰਿਹਾ ਹੈ। ਸਿਆਸੀ ਅਤੇ ਅਫਸਰਸ਼ਾਹੀ ਅਜਿਹੇ ਲੋਕਾਂ ਨੂੰ ਇਕ ਸੁਰਖਿਅਤ ਦਲਾਲ ਵਜੋਂ ਦੇਖਦੇ ਹਨ। ਹੁਣ ਇਹ ਆਮ ਹੋ ਗਿਆ ਹੈ ਕਿ ਅਜਿਹੇ ਲੋਕ ਪੈਸੇ ਦੇ ਪ੍ਰਭਾਵ ਕਾਰਨ ਆਪਣੇ ਵਿਰੋਧੀਆਂ ’ਤੇ ਕਾਨੂੰਨੀ ਕਾਰਵਾਈ ਕਰਵਾਉਣ ਨੂੰ ਮਿੰਟ ਵੀ ਨਹੀਂ ਲਗਾਉਂਦੇ ਅਤੇ ਤੁਹਾਡਾ ਰਾਜਨੀਤਿਕ ਸਿਸਟਮ ਸਭ ਕੁਝ ਜਾਣਦੇ ਅਤੇ ਦੇਖਦੇ ਹੋਏ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ। ਅਜਿਹੇ ਪੀੜਿਤ ਲੋਕਾਂ ਦੀਆਂ ਉਦਾਹਰਣਾਂ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਤੋਂ ਦੇਖਣ ਨੂੰ ਮਿਲ ਸਕਦੀਆਂ ਹਨ। ਪਰ ਇਸ ਸਮੇਂ ਜੇਕਰ ਮੈਂ ਆਪਣੇ ਵਿਧਾਨ ਸਭਾ ਹਲਕਾ ਜਗਰਾਉਂ ਦੀ ਗੱਲ ਕਰੀਏ ਤਾਂ ਇੱਥੇ ਕਈ ਅਜਿਹੇ ਮੰਨੇ-ਪ੍ਰਮੰਨੇ ਟਾਊਟ ਹਨ ਜੋ ਹਰ ਤਰ੍ਹਾਂ ਦੀ ਸਰਕਾਰੀ ਮਸ਼ੀਨਰੀ ਅਤੇ ਸਿਆਸੀ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ਅਤੇ ਉਨ੍ਹਾਂ ਦੇ ਇਸ਼ਾਰੇ ’ਤੇ ਜਾਇਜ਼-ਨਾਜਾਇਜ਼ ਕੰਮ ਕਰਵਾਏ ਜਾ ਰਹੇ ਹਨ। ਆਉਣ ਵਾਲੇ ਸਮੇਂ ’ਚ ਇਨ੍ਹਾਂ ਸਾਰਿਆਂ ਦਾ ਖੁਲਾਸਾ ਪੂਰੇ ਤੱਥਾਂ ਦੇ ਆਧਾਰ ਤੇ ਕੀਤਾ ਜਾਵੇਗਾ। ਮੁੱਖ ਮੰਤਰੀ ਭਾਵੇਂ ਖੁਦ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਇਮੰਾਨਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਪਰ ਇਸ ਲਈ ਉਨ੍ਹਾਂ ਭ੍ਰਿਸ਼ਟਾਚਾਰ ਦੇ ਨਾਂ ’ਤੇ ਕੋਈ ਸਮਝੌਤਾ ਨਾ ਕਰਨ ਦਾ ਐਲਾਨ ਵੀ ਕੀਤਾ ਹੈ। ਆਪਣੀ ਹੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਦੇ ਘੇਰੇ ਵਿੱਚ ਲੈ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜਿਸ ਦੀ ਮਿਸਾਲ ਦੇਸ਼ ਭਰ ਦੇ ਕਿਸੇ ਵੀ ਸੂਬੇ ਵਿੱਚ ਪਹਿਲਾਂ ਕਦੇ ਨਹੀਂ ਆਈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੇਠਲੇ ਕੇਡਰ ਵੱਲ ਵੀ ਨਜਰ ਮਾਰਨ। ਜਿਥੇ ਵੀ ਦਲਾਲਾਂ ਰਾਹੀਂ ਰਾਜਨੀਤਿਕ ਤੌਰ ਤੇ ਜਾਂ ਅਫਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਉਸਨੂੰ ਨੱਥ ਪਾਈ ਜਾਣੀ ਚਾਹੀਦੀ ਹੈ। ਇਸ ਲਈ ਜਮੀਨੀ ਹਕੀਕਤ ਨੂੰ ਸਮਝਣ ਦੀ ਲੋੜ ਹੈ। ਸਭ ਤੋਂ ਹੇਠਲੇ ਪੱਧਰ ’ਤੇ ਭ੍ਰਿਸ਼ਟਾਚਾਰ ਦੀ ਜੜ੍ਹ ਬਣੇ ਹੋਏ ਦਲਾਲਾਂ ਤੇ ਸ਼ਿਕੰਜਾ ਕਸਿਆ ਜਾਵੇ ਅਤੇ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਸਰਕਾਰੀ ਅਧਿਕਾਰੀਆਂ ਨੂੰ ਫੜਿਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਦਲਾਲਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਅੰਦਰ ਸੁੱਟਿਆ ਜਾਵੇ ਤਾਂ ਜੋ ਸਰਕਾਰ ਦਾ ਅਕਸ ਅਤੇ ਵਾਅਦੇ ਦੋਵੇਂ ਬਰਕਰਾਰ ਰਹਿਣ। ਅਜਿਹਾ ਕਰਕੇ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਸੰਭਵ ਹੈ। ਜੇਕਰ ਸਰਕਾਰ ਹਰ ਹਲਕੇ ਦੇ ਅਜਿਹੇ ਦਲਾਲਾਂ ਦੀ ਚੋਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਦੀ ਹੈ ਤਾਂ ਇਹ ਭ੍ਰਿਸ਼ਟਾਚਾਰ ਖਿਲਾਫ ਇੱਕ ਕ੍ਰਾਂਤੀਕਾਰੀ ਕਦਮ ਹੋਵੇਗਾ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here