ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਿੱਚ ਨਗਰ ਕੌਂਸਲ ਜਗਰਾਉਂ ਵਿਖੇ ਤਾਇਨਾਤ ਮਨੋਹਰ ਸਿੰਘ, ਕਾਰਜ ਸਾਧਕ ਅਫਸਰ (ਪਿੰਡ ਨਡਾਲੋਂ ਜਿਲ੍ਹਾ ਹੁਸ਼ਿਆਰਪੁਰ ਵਿੱਚ ਮਿਤੀ 02/04/1965 ਨੂੰ ਜਨਮੇ) ਮਿਤੀ 30/04/2023 ਨੂੰ 21 ਸਾਲ 6 ਮਹੀਨੇ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਰਿਟਾਇਰ ਹੋ ਰਹੇ ਹਨ। ਮਨੋਹਰ ਸਿੰਘ ਨੇ ਆਪਣੀ ਨੌਕਰੀ ਦਾ ਕਾਫੀ ਲੰਬਾ ਸਮਾਂ (ਲਗਭਗ 15 ਸਾਲ) ਨਗਰ ਕੌਂਸਲ ਜਗਰਾਉਂ ਵਿਖੇ ਨਿਭਾਇਆ ਹੈ, ਜਿਸ ਵਿੱਚ ਉਹਨਾਂ ਵਲੋਂ ਮੌਜੂਦਾ ਕਾਰਜ ਸਾਧਕ ਅਫਸਰ ਦੇ ਅਹੁੱਦੇ ਤੋਂ ਪਹਿਲਾਂ ਬਤੌਰ ਇੰਸਪੈਕਟਰ ਅਤੇ ਸੁਪਰਡੰਟ ਵੀ ਡਿਊਟੀ ਨਿਭਾਈ ਹੈ। ਨਗਰ ਕੌਂਸਲ ਜਗਰਾਉਂ ਤੋਂ ਇਲਾਵਾ ਮਨੋਹਰ ਸਿੰਘ ਵਲੋਂ ਨਗਰ ਕੌਂਸਲ ਮੋਗਾ, ਧਰਮਕੋਟ, ਖੰਨਾਂ, ਅਹਿਮਦਗੜ੍ਹ ਅਤੇ ਮੁੱਲਾਂਪੁਰ ਦਾਖਾ ਵਿਖੇ ਵੀ ਵੱਖ-ਵੱਖ ਅਹੁੱਦਿਆਂ ਤੇ ਡਿਊਟੀ ਨਿਭਾਈ ਗਈ ਹੈ। ਨਗਰ ਕੌਂਸਲ ਜਗਰਾਉਂ ਵਿਖੇ ਆਪਣੀ ਡਿਊਟੀ ਦੌਰਾਨ ਮਨੋਹਰ ਸਿੰਘ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾਂ ਪਹਿਲ ਦੇ ਆਧਾਰ ਤੇ ਹੱਲ ਕੀਤਾ ਗਿਆ। ਆਪਣੀ ਡਿਊਟੀ ਦੌਰਾਨ ਇਹਨਾਂ ਵਲੋਂ ਵਿਸ਼ੇਸ਼ ਤੌਰ ਤੇ ਗਾਂਧੀ ਨਗਰ, ਅਜੀਤ ਨਗਰ, ਰਾਣੀ ਵਾਲਾ ਖਹੁ ਆਦਿ ਵਿਖੇ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸੀਵਰੇਜ਼ ਦੀ ਗੰਭੀਰ ਸਮੱਸਿਆ ਦਾ ਹੱਲ ਕੀਤਾ ਗਿਆ ਜਿਸ ਦੀ ਮੁਹੱਲਾ ਨਿਵਾਸੀਆਂ ਵਲੋਂ ਵੀ ਕਾਫੀ ਸ਼ਲਾਘਾ ਕੀਤੀ ਗਈ।ਇਸ ਮੰਤਵ ਲਈ ਇਹਨਾਂ ਇਲਾਕਿਆਂ ਦੇ ਨੀਵੇਂ ਮੈਨਹੌਲਾਂ ਨੂੰ ਉੱਚਾ ਚੁੱਕਵਾਇਆ ਗਿਆ ਅਤੇ ਸੁਪਰ ਸਕਸ਼ਨ ਮਸ਼ੀਨ ਦੀ ਮਦਦ ਨਾਲ ਸ਼ਹਿਰ ਦੇ 200 ਕਿਲੋਮੀਟਰ ਸੀਵਰੇਜ਼ ਲਾਈਨ ਦੀ ਸਫਾਈ ਕਰਵਾਈ ਗਈ। ਮੌਜੂਦਾ ਸਮੇਂ ਦੌਰਾਨ ਵੀ ਮਨੋਹਰ ਸਿੰਘ ਕਾਰਜ ਸਾਧਕ ਅਫਸਰ ਵਲੋਂ ਸ਼ਹਿਰ ਦੀ ਲੀਡਰਸ਼ਿਪ ਦੇ ਸਹਿਯੋਗ ਨਾਲ ਰਾਏਕੋਟ ਰੋਡ ਵਿਖੇ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੀ ਯਾਦਗਾਰ ਸਥਾਪਿਤ ਕਰਨ ਲਈ ਯਤਨ ਕੀਤੇ ਗਏ ਜਿਸ ਦੇ ਤਹਿਤ ਇੱਕ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਦਕਰ ਜੀ ਦਾ ਸ਼ਹਿਰ ਅੰਦਰ ਬੁੱਤ ਸਥਾਪਿਤ ਕਰਵਾਉਣ ਲਈ ਵੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਇਲੈਕਸ਼ਨਾਂ ਦੌਰਾਨ ਦਿਨ-ਰਾਤ ਇੱਕ ਕਰਕੇ ਪੂਰੀ ਮਿਹਨਤ ਅਤੇ ਲਗਨ ਨਾਲ ਚੋਣਾਂ ਨਾਲ ਸਬੰਧਤ ਅਹਿਮ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ। ਆਪਣੀ ਡਿਊਟੀ ਤੋਂ ਇਲਾਵਾ ਮਨੋਹਰ ਸਿੰਘ ਹਮੇਸ਼ਾ ਆਪਣੇ ਕਰਮਚਾਰੀਆਂ ਦੇ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਨ।ਇਹਨਾਂ ਦੇ ਮਿੱਠੇ ਅਤੇ ਨਿੱਘੇ ਸੁਭਾਅ ਕਰਕੇ ਹੀ ਸ਼ਹਿਰ ਵਾਸੀਆਂ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਜੀ.ਓਜ਼ ਵਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ। ਅਦਾਰਾ ਡੇਲੀ ਜਗਰਾਓਂ ਨਿਊਜ਼ ਦੀ ਸਮੁੱਚੀ ਟੀਮ ਇਸ ਬੇਦਾਗ ਅਤੇ ਇਮਾਨਦਾਰ ਸਖਥੀਅਤ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਨੂੰ ਇਨਾਂ ਲੰਬਾ ਸਮਾਂ ਇਮਾਨਦਾਰੀ ਅਤੇ ਨਿਡਰਤਾ ਨਾਲ ਡਿਊਟੀ ਨਿਭਾ ਕੇ ਸੇਵਾ ਮੁਕਤੀ ਤੇ ਵਧਾਈ ਦਿੰਦੀ ਹੈ।
ਰੋਹਿਤ ਗੋਇਲ, ਭਗਵਾਨ ਭੰਗੂ।