ਲੁਧਿਆਣਾ, 29 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ (ਰਜਿ.), ਲੁਧਿਆਣਾ ਦੀ ਜਨਰਲ ਬਾਡੀ ਦੀ ਮੀਟਿੰਗ ਨੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਦਾ ਸੀਨੀਅਰ ਸਿਟੀਜ਼ਨਜ਼ ਭਵਨ ਦੇ ਨਿਰਮਾਣ ਨੂੰ ਪੂਰਾ ਕਰਨ ਵਿੱਚ ਖੁੱਲ੍ਹੇ ਦਿਲ ਨਾਲ ਮਦਦ ਕਰਨ ਲਈ ਧੰਨਵਾਦ ਅਤੇ ਸ਼ੁਕਰੀਆ ਅਦਾ ਕੀਤਾ ਹੈ।ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਕੇਐਸ ਚਾਵਲਾ ਅਤੇ ਜਨਰਲ ਸਕੱਤਰ ਐਮਐਸ ਰਾਏ ਅਨੁਸਾਰ ਅਰੋੜਾ ਦੀ ਮਦਦ ਤੋਂ ਬਿਨਾਂ ਇਮਾਰਤ ਮੁਕੰਮਲ ਨਹੀਂ ਹੋ ਸਕਦੀ ਸੀ।ਉਨ੍ਹਾਂ ਕਿਹਾ ਕਿ ਅਸੀਂ ਅਰੋੜਾ ਦੇ ਹਮੇਸ਼ਾ ਰਿਣੀ ਰਹਾਂਗੇ।ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਸੀਨੀਅਰ ਸਿਟੀਜ਼ਨ ਭਵਨ ਨੂੰ ਪੂਰਾ ਕਰਨ ਲਈ ਅਰੋੜਾ ਨੂੰ ਆਪਣੇ ਕੇਸ ਦੀ ਸਿਫ਼ਾਰਸ਼ ਕਰਨ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦਾ ਧੰਨਵਾਦ ਵੀ ਕੀਤਾ।ਪਤਾ ਲੱਗਾ ਹੈ ਕਿ ਐਸੋਸੀਏਸ਼ਨ ਵੱਲੋਂ ਸੀਨੀਅਰ ਸਿਟੀਜ਼ਨ ਭਵਨ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਤੋਂ ਮਦਦ ਮੰਗੀ ਗਈ ਸੀ, ਜਿਸ ਤੋਂ ਬਾਅਦ ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਅਰੋੜਾ ਨੂੰ ਮਾਮਲੇ ਦੀ ਸਿਫ਼ਾਰਸ਼ ਕੀਤੀ।ਐਮਐਸ ਰਾਏ ਨੇ ਕਿਹਾ, “ਅਰੋੜਾ ਨੇ ਲੋੜੀਂਦੀ ਉਸਾਰੀ ਸਮੱਗਰੀ ਅਤੇ ਮਜ਼ਦੂਰ ਮੁਹੱਈਆ ਕਰਵਾ ਕੇ ਮਦਦ ਪ੍ਰਦਾਨ ਕੀਤੀ ਹੈ।ਇਹ ਵੀ ਦੱਸਿਆ ਕਿ ਇਹ ਕੰਮ ਲਗਭਗ ਪੰਜ ਮਹੀਨਿਆਂ ਤੱਕ ਚੱਲਿਆ।ਹੁਣ ਇਮਾਰਤ ਅਤੇ ਚਾਰਦੀਵਾਰੀ ਤਿਆਰ ਹੋ ਚੁੱਕੀ ਹੈ। ਹਾਲਾਂਕਿ ਟਾਈਲਾਂ ਅਤੇ ਫਿਨਿਸ਼ਿੰਗ ਦਾ ਕੁਝ ਕੰਮ ਪੈਂਡਿੰਗ ਹੈ। ਉਨ੍ਹਾਂ ਕਿਹਾ ਕਿ ਅਰੋੜਾ ਦੇ ਦਫ਼ਤਰ ਦੇ ਕੁਝ ਲੋਕ ਪਹਿਲਾਂ ਹੀ ਐਸਟੀਮੇਟ ਲੈਣ ਲਈ ਉਨ੍ਹਾਂ ਤੱਕ ਪਹੁੰਚ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਬਾਕੀ ਰਹਿੰਦਾ ਕੰਮ ਵੀ ਜਲਦੀ ਪੂਰਾ ਹੋ ਜਾਵੇਗਾ।ਸੀਨੀਅਰ ਸਿਟੀਜ਼ਨਜ਼ ਭਵਨ ਲਗਭਗ 500 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਐਸੋਸੀਏਸ਼ਨ ਦੇ ਲਗਭਗ 190 ਮੈਂਬਰ ਹਨ।ਇਸ ਦੌਰਾਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਸੀਨੀਅਰ ਸਿਟੀਜ਼ਨਾਂ ਦੀ ਬਿਲਡਿੰਗ ਨੂੰ ਮੁਕੰਮਲ ਕਰਨ ਵਿੱਚ ਮਦਦ ਕਰਕੇ ਕੋਈ ਅਸਾਧਾਰਨ ਕੰਮ ਨਹੀਂ ਕੀਤਾ ਹੈ।ਅਸਲ ਵਿੱਚ, ਉਹ ਮਹਿਸੂਸ ਕਰਦੇ ਹਨ ਕਿ ਸੀਨੀਅਰ ਨਾਗਰਿਕ ਸਮਾਜ ਦੀ ਇੱਕ ਵੱਡੀ ਸੰਪਤੀ ਹਨ।ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਕਰਨਾ ਹਰੇਕ ਦਾ ਨੈਤਿਕ ਫਰਜ਼ ਹੈ।ਉਨ੍ਹਾਂ ਕਿਹਾ ਕਿ ਇਮਾਰਤ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਨੇ ਹਰ ਸੰਭਵ ਮਦਦ ਕੀਤੀ ਹੈ। ਲੋੜ ਪੈਣ ‘ਤੇ ਉਹ ਹੋਰ ਕੰਮ ਕਰਨ ਵਿਚ ਖੁਸ਼ੀ ਮਹਿਸੂਸ ਕਰਨਗੇ।