ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ) -ਇਸ ਸੀਜਨ ਦੌਰਾਨ ਹੋਈ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਦਾ ਬਾਵਜੂਦ ਵੀ ਜ਼ਿਲ੍ਹੇ ਅੰਦਰ ਕਣਕ ਦੀ ਰਿਕਾਰਡ ਤੋੜ ਪੈਦਾਵਾਰ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਮੰਡੀਆਂ ਵਿੱਚ ਕੁੱਲ 02 ਲੱਖ 50 ਹਜਾਰ 779 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਜਿਸਦੇ ਮੁਕਾਬਲੇ ਇਸ ਸੀਜਨ ਵਿੱਚ ਹੁਣ ਤੱਕ 02 ਲੱਖ 55 ਹਜਾਰ 735 ਮੀਟਰਿਕ ਟਨ ਦੀ ਆਮਦ ਹੋ ਚੁੱਕੀ ਹੈ ਤੇ ਵੱਖ-ਵੱਖ ਖਰੀਦ ਏਜੰਸੀਆਂ ਤੇ ਪ੍ਰਾਈਵੇਟ ਵਪਾਰੀਆਂ ਵੱਲੋਂ 02 ਲੱਖ 54 ਹਜ਼ਾਰ 143 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਸੁਚਾਰੂ ਪ੍ਰਬੰਧਾਂ ਸਦਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸੁਚੱਜੇ ਢੰਗ ਨਾਲ ਨਿਰਵਿਘਨ ਚੱਲ ਰਹੀ ਹੈ ਅਤੇ ਕਿਸਾਨਾਂ ਦੀ ਖਰੀਦ ਕੀਤੀ ਕਣਕ ਦੀ ਲੀਫਟਿੰਗ ਦਾ ਕੰਮ ਵੀ ਜੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਕਿਸਾਨਾਂ ਨੂੰ ਤੈਅ ਸਮੇਂ ਅੰਦਰ ਖਰੀਦੀ ਗਈ ਕਣਕ ਦੀ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 471.81 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 50533 ਮੀਟਰਕ ਟਨ, ਮਾਰਕਫੈੱਡ ਵੱਲੋਂ 54471 ਮੀਟਰਕ ਟਨ, ਪਨਸਪ ਵੱਲੋਂ 56479 ਮੀਟਰਕ ਟਨ, ਵੇਅਰ ਹਾਊਸ ਵੱਲੋਂ 50429 ਮੀਟਰਕ ਟਨ, ਐਫ.ਸੀ.ਆਈ. ਵੱਲੋਂ 24253 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 17978 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਤੇ ਕੰਮ ਕਰ ਰਹੇ ਮਜਦੂਰਾਂ ਦੀ ਸਹੂਲਤ ਦਾ ਵਿਸੇਸ਼ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਨੂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ।