ਕਿਹਾ- ਰੁੱਖਾਂ ਦਾ ਮਨੁੱਖਾਂ ਨਾਲ ਹੁੰਦਾ ਹੈ ਡੂੰਘਾ ਸਬੰਧ
ਲੁਧਿਆਣਾ (ਧਰਮਿੰਦਰ ) ਰੁੱਖਾਂ ਦਾ ਮਨੁੱਖਾਂ ਨਾਲ ਡੂੰਘਾ ਸਬੰਧ ਹੁੰਦਾ ਹੈ ਤੇ ਕੋਈ ਵਿਰਲਾ ਮਨੁੱਖ ਇਹ ਗੱਲ ਮਹਿਸੂਸ ਕਰਦਾ ਹੈ। ਇਵੇਂ ਹੀ ਭੱਠਾ ਮਾਲਕ ਜਗਜੀਤ ਸੂਦ ਹਨ ਜੋ ਕਿ ਵਾਤਾਵਰਨ ਪ੍ਰੇਮੀ ਵਜੋਂ ਵਿਚਰ ਰਹੇ ਹਨ। ਉਨ੍ਹਾਂ ਨੇ ਵਾਤਾਵਰਨ ਬਚਾਉਣ ਖ਼ਾਤਰ ਸੈਂਕੜੇ ਬੂਟੇ ਲਾਏ ਹੋਏ ਹਨ। ਕਾਰੋਬਾਰੀ ਪੱਖ ਤੋਂ ਉਹ ਇੱਟਾਂ ਦੇ ਭੱਠੇ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਤਾ ਲੇਖ ਰਾਮ ਸੂਦ ਨੂੰ ਫੁੱਲਾਂ ਤੇ ਬੂਟਿਆਂ ਦਾ ਸ਼ੌਂਕ ਸੀ, ਜਿੱਥੇ ਜਗ੍ਹਾ ਮਿਲਦੀ ਸੀ, ਉਹ ਬੂਟੇ ਲਾਉਂਦੇ ਤੇ ਸੰਭਾਲ ਕਰਦੇ ਸਨ। ਉਨ੍ਹਾਂ 2013 ਵਿਚ 400 ਦੇ ਕਰੀਬ ਛਾਂਦਾਰ ਤੇ ਫਲਦਾਰ ਬੂਟੇ ਲਾਏ ਸਨ। ਇਹ ਬੂਟੇ ਗੁਲਮੋਹਰ, ਕਨੇਰ ਦੇ ਹਨ। ਬੋਗਨਵਿਲੀਆ ਬੂਟੇ ਨੂੰ ਖੂਬਸੂਰਤ ਪੀਲੇ ਰੰਗ ਦੇ ਫੁੱਲ ਲੱਗਦੇ ਹਨ ਜਦਕਿ ਲਗੂਨੀਆ ਨੀਲੇ ਰੰਗ ਦੇ ਫੁੱਲਾਂ ਨਾਲ ਮਹਿਕ ਬਿਖੇਰਦਾ ਹੈ। ਬੋਟਨਬਰੱਸ਼ ਨੂੰ ਲਾਲ ਰੰਗ ਦੇ ਜਦਕਿ ਮੁਰੱਈਆ ਨੂੰ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ। ਟਿਕੋਮਾ ਬੂਟੇ ਦੀ ਵੱਖਰੀ ਪਹਿਚਾਣ ਹੈ। ਸੂਦ ਨੇ ਦੱਸਿਆ ਕਿ ਪੁੱਤਰ ਸਾਹਿਲ ਸੂਦ ਤੇ ਬੇਟੀ ਡਾ. ਸ਼ੀਬਾ ਵਾਤਾਵਰਣ ਪ੍ਰੇਮੀ ਹਨ, ਬੇਟੀ ਨੇ ਤਾਂ ਮੇਰਠ ਆਪਣੇ ਸਹੁਰੇ ਘਰ ਵਿਚ ਵੱਡਾ ਬਾਗ ਲਾਇਆ ਹੋਇਆ ਹੈ। ਉਨ੍ਹਾਂ ਇਸ ਕਾਰਜ ਵਿਚ ਸਹਿਯੋਗ ਦੇਣ ਲਈ ਅਮਰਜੀਤ ਸਿੰਘ ਬਾਠ ਤੇ ਸੁੱਖ ਚਾਵਲਾ ਦਾ ਖਾਸ ਜ਼ਿਕਰ ਕੀਤਾ। ਯਾਦ ਰਹੇ ਸੂਦ ਹੁਰਾਂ ਨੂੰ 2121 ਵਿਚ ਬਿਰਖ ਮਿੱਤਰ ਐਵਾਰਡ ਵੀ ਮਿਲ ਚੁੱਕਾ ਹੈ। ਚੈਂਬਰ ਆਫ ਇੰਡਸਟ੍ਰੀਅਲ ਅੰਡਰਟੇਕਿੰਗਜ਼ ਜੋ ਕਿ ਸਰਕਾਰੀ ਅਦਾਰਾ ਹੈ, ਨੇ ਪਿਛਲੇ ਸਮੇਂ ਉਨ੍ਹਾਂ ਨੂੰ ਸਨਮਾਨਤ ਕੀਤਾ ਸੀ।