ਨਵੀਂ ਦਿੱਲੀ, 28 ਮਾਰਚ ( ਬਿਊਰੋ) ਪੱਛਮੀ ਦਿੱਲੀ ਦੇ ਪਾਲਮ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਇੱਕ ਹਾਦਸਾ ਟਲ ਗਿਆ। ਸਪਾਈਸਜੈੱਟ ਦਾ ਇੱਕ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉਡਾਣ ਭਰਦੇ ਸਮੇਂ ਰਨਵੇ ਦੇ ਨੇੜੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਪਾਈਸ ਜੈੱਟ ਦਾ ਜਹਾਜ਼ ਸ਼੍ਰੀਨਗਰ (ਜੰਮੂ-ਕਸ਼ਮੀਰ) ਲਈ ਉਡਾਣ ਭਰ ਰਿਹਾ ਸੀ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਿਆ ਗਿਆ। ਘਟਨਾ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਵਾਪਰੀ।ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਵੀ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ (ਪੰਜਾਬ) ਜਾ ਰਹੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਇਹ ਜਹਾਜ਼ ਏਅਰ ਵਿਸਤਾਰਾ ਦਾ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਜਾ ਰਹੇ ਏਅਰ ਵਿਸਤਾਰਾ ਦੇ ਜਹਾਜ਼ ਨੂੰ ਹਾਈਡ੍ਰੌਲਿਕ ਬ੍ਰੇਕਾਂ ਦੇ ਕੰਮ ਨਾ ਕਰਨ ਕਾਰਨ ਦਿੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ਸਮੇਂ ਜਹਾਜ਼ ‘ਚ ਕੁੱਲ 146 ਯਾਤਰੀ ਸਵਾਰ ਸਨ।ਐਮਰਜੈਂਸੀ ਲੈਂਡਿੰਗ ਦੌਰਾਨ ਏਅਰ ਪੋਰਟ ਅਥਾਰਟੀ ਦੁਆਰਾ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜ ਦਿੱਤਾ ਗਿਆ।
