ਜਗਰਾਓਂ (ਲਿਕੇਸ ਸ਼ਰਮਾ-ਅਸਵਨੀ ਕੁਮਾਰ) ਸ਼ਹਿਰ ਦੀਆਂ ਸੜਕਾਂ ‘ਤੇ ਤੇਜ਼ ਰਫ਼ਤਾਰ ਬੁਲੇਟ ‘ਤੇ ਪਟਾਕੇ ਮਾਰਨ ਦੇ ਵੱਧ ਰਹੇ ਮਾਮਲਿਆਂ ਖ਼ਿਲਾਫ਼ ਆਖਿਰਕਾਰ ਟੈ੍ਫਿਕ ਪੁਲਿਸ ਸੜਕਾਂ ‘ਤੇ ਉਤਰੀ। ਪੁਲਿਸ ਨੇ ਅਜਿਹੇ ਬੁਲੇਟ ਚਾਲਕਾਂ ਖ਼ਿਲਾਫ਼ ਸਖਤੀ ਨਾਲ ਪੇਸ਼ ਆਉਂਦਿਆਂ ਇਨ੍ਹਾਂ ਨੂੰ ਘੇਰ ਕੇ ਚਲਾਨ ਕੱਟੇ। ਟੈ੍ਫਿਕ ਇੰਚਾਰਜ ਜਰਨੈਲ ਸਿੰਘ ਖੁਦ ਪੁਲਿਸ ਪਾਰਟੀ ਸਮੇਤ ਦਿਨ ਚੜ੍ਹਦਿਆਂ ਹੀ ਸ਼ਹਿਰ ਦੀਆਂ ਸੜਕਾਂ ਖਾਸ ਕਰ ਸਕੂਲਾਂ ਤੇ ਕਾਲਜਾਂ ਵਾਲੇ ਰਸਤਿਆਂ ‘ਤੇ ਨਾਕਾਬੰਦੀ ਕਰ ਰਹੇ ਹਨ। ਇਸੇ ਨਾਕਾਬੰਦੀ ਤਹਿਤ ਅੱਜ ਸ਼ਹਿਰ ਦੀਆਂ ਵੱਖ ਵੱਖ ਸੜਕਾਂ ‘ਤੇ ਪੁਲਿਸ ਪਾਰਟੀ ਵੱਲੋਂ ਬੁਲੇਟ ਮੋਟਰਸਾਈਕਲ ‘ਤੇ ਗੇੜੀਆਂ ਮਾਰਦੇ, ਪਟਾਕੇ ਮਾਰਦੇ ਅਤੇ ਤਿੰਨ ਤਿੰਨ ਸਵਾਰਾਂ ਨੂੰ ਘੇਰ ਕੇ ਉਨਾਂ ਦੇ ਚਲਾਨ ਕੱਟੇ ਗਏ।
ਇਸ ਮੌਕੇ ਡੇਲੀ ਜਗਰਾਓਂ ਨਿਊਜ਼ ਦੀ ਟੀਮ ਨਾਲਾ ਗਲਬਾਤ ਕਰਦਿਆਂ ਟੈ੍ਫਿਕ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਮਾਰ ਕੇ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਲੇ ਮੋਟਰਸਾਈਕਲ ਚਾਲਕਾਂ ਨੂੰ ਕਿਸੇ ਵੀ ਹਾਲ ‘ਚ ਬਖਸ਼ਿਆ ਨਹੀਂ ਜਾਵੇਗਾ। ਅੱਜ ਵਾਂਗ ਹੀ ਰੋਜ਼ਾਨਾ ਚਲਾਨ ਕੱਟੇ ਜਾਣਗੇ ਤੇ ਬਿਨਾਂ ਕਾਗਜ਼ਾਤ ਵਹੀਕਲ ਲੈ ਕੇ ਘੁੰਮਣ ਵਾਲਿਆਂ ਦੇ ਵਹੀਕਲ ਜਬਤ ਕੀਤੇ ਜਾਣਗੇ। ਉਨ੍ਹਾਂ ਇਸ ਦੇ ਨਾਲ ਹੀ ਜਗਰਾਓਂ ਦੇ ਕਮਲ ਚੌਕ, ਲਾਜਪਤ ਰਾਏ ਰੋਡ, ਪੁਰਾਣੀ ਦਾਣਾ ਮੰਡੀ, ਪੁਰਾਣੀ ਸਬਜ਼ੀ ਮੰਡੀ ਸੜਕਾਂ ‘ਤੇ ਦੁਕਾਨਾਂ ਅੱਗੇ ਨਾਜਾਇਜ਼ ਸਮਾਨ ਰੱਖਣ ਵਾਲਿਆਂ ਤੇ ਇਨ੍ਹਾਂ ਸੜਕਾਂ ‘ਤੇ ਹੀ ਰਸਤਿਆਂ ‘ਚ ਗੱਡੀਆਂ ਖੜੀਆਂ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਮੁੜ ਅਜਿਹਾ ਕਰਨ ‘ਤੇ ਚਲਾਨ ਕੱਟੇ ਜਾਣਗੇ।