Home crime ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਗੋਲ਼ੀ ਮਾਰ ਕੇ ਹੱਤਿਆ, ਲੱਖਾਂ ਦਾ ਸੋਨਾ...

ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਗੋਲ਼ੀ ਮਾਰ ਕੇ ਹੱਤਿਆ, ਲੱਖਾਂ ਦਾ ਸੋਨਾ ਲੈ ਕੇ ਕਾਰ ਸਵਾਰ ਲੁਟੇਰੇ ਹੋਏ ਫ਼ਰਾਰ

68
0


ਮੋਗਾ (ਰਾਜੇਸ ਜੈਨ-ਭਗਵਾਨ ਭੰਗੂ) ਮੋਗਾ ਦੇ ਭੀੜਭਾੜ ਵਾਲੇ ਬਾਜ਼ਾਰ ਰਾਮਗੰਜ ਮੰਡੀ ’ਚ ਦਿਨ ਦਿਹਾੜੇ ਅਸਲੇ ਨਾਲ ਲੈਸ ਪੰਜ ਲੁਟੇਰੇ ਇਕ ਸਰਾਫ ਦੀ ਦੁਕਾਨ ਅੰਦਰ ਵੜਕੇ ਦੁਕਾਨ ਮਾਲਕ ਨੂੰ ਗੋਲ਼ੀ ਮਾਰਕੇ ਦੁਕਾਨ ਵਿਚੋਂ ਭਾਰੀ ਮਾਤਰਾ ’ਚ ਸੋਨਾ ਲੁਟਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਸਮੇਂ ਕੁੱਝ ਦੂਰੀ ਤੱਕ ਪੈਦਲ ਹੀ ਭੱਜੇ। ਜ਼ਖ਼ਮੀ ਦੁਕਾਨਦਾਰ ਨੂੰ ਇਲਾਜ ਲਈ ਡੀਐੱਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਮੋਗਾ ਦੇ ਐੱਸਐੱਸਪੀ ਜੇ. ਇਲਨਚੇਲੀਅਨ ਭਾਰੀ ਪੁਲਿਸ ਬਲ ਨਾਲ ਘਟਨਾ ਸਥਾਨ ‘ਤੇ ਪੁੱਜੇ ਤੇ ਮਾਮਲੇ ਦੀ ਜਾਣਕਾਰੀ ਲਈ। ਘਟਨਾ ਸਥਾਨ ‘ਤੇ ਲੋਕਾਂ ਨੇ ਦੱਸਿਆ ਕਿ ਮੰਡੀ ਰਾਮਗੰਜ ਵਿਚ ਏਸ਼ੀਆ ਜਿਊਲਰਜ਼ ਦੀ ਦੁਕਾਨ ਹੈ ਜਿਸ ਦਾ ਮਾਲਕ ਪ੍ਰਮਿੰਦਰ ਉਰਫ ਵਿੱਕੀ ਪੁੱਤਰ ਹਰੀ ਕ੍ਰਿਸ਼ਨ ਵਾਸੀ ਗਿੱਲ ਰੋਡ ਮੋਗਾ ਹੈ, ਜਿਸ ਦੀ ਦੁਕਾਨ ‘ਤੇ ਸੋਮਵਾਰ ਨੂੰ ਪੰਜ ਨੌਜਵਾਨ ਆਏ ਜਿਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਸਨ ਅਤੇ ਉਨ੍ਹਾਂ ਦੇ ਗਲਾਂ ਵਿਚ ਕਾਲੇ ਕੱਪੜੇ ਦੇ ਸਾਫੇ ਪਾਏ ਹੋਏ ਸਨ ਅਤੇ ਉਹ ਦੁਕਾਨ ਮਾਲਕ ਪਰਮਿੰਦਰ ਵਿੱਕੀ ਦੇ ਕਾਊਂਟਰ ਦੇ ਅੱਗੇ ਲੱਗੀਆਂ ਕੁਰਸੀਆਂ ‘ਤੇ ਬੈਠ ਗਏ। ਇਸ ਦੌਰਾਨ ਇਕ ਪੀਲੇ ਰੰਗ ਦੀ ਟੀ ਸ਼ਰਟ ਪਹਿਨੇ ਲੁਟੇਰੇ ਨੇ ਅਪਣੀ ਡੱਬ ਵਿਚੋਂ ਪਿਸਤੌਲ ਕੱਢਿਆ ਤੇ ਪਰਮਿਦਰ ਵਿੱਕੀ ‘ਤੇ ਤਾਣ ਲਿਆ ਇਸ ਦੌਰਾਨ ਉਸ ਦੇ ਸਾਥੀ ਨੇ ਵੀ ਅਪਣਾ ਪਿਸਤੌਲ ਕੱਢ ਲਿਆ ਤੇ ਇਸ ਦੌਰਾਨ ਪੀਲੀ ਟੀ ਸ਼ਰਟ ਪਹਿਨੇ ਲੁਟੇਰੇ ਕਾਊਟਰ ਟੱਪ ਕੇ ਅੰਦਰ ਆ ਗਿਆ ਤੇ ਇਕ ਲੁਟੇਰਾ ਉੱਥੇ ਪਏ ਸੋਨੇ ਦੇ ਗਹਿਣਿਆਂ ਦੇ ਡੱਬਿਆਂ ਵਿਚ ਸੋਨਾ ਕੱਢਕੇ ਕਿਸੇ ਕੱਪੜੇ ਵਿਚ ਪਾਉਣ ਲੱਗ ਪਿਆ। ਇਸ ਦੌਰਾਨ ਦੁਕਾਨਦਾਰ ਅਤੇ ਉੱਥੇ ਕੰਮ ਕਰਦੀਆਂ ਲੜਕੀਆਂ ਲੁਟੇਰਿਆਂ ਦੀਆਂ ਮਿੰਨਤਾਂ ਕਰਨ ਲੱਗ ਪਈਆਂ ਕਿ ਗੋਲ਼ੀ ਨਾ ਮਾਰਿਓ ਜੋ ਕੁਝ ਲੈ ਕੇ ਜਾਣਾ ਹੈ ਲੈ ਜਾਓ। ਪ੍ਰੰਤੂ ਲੁਟੇਰਿਆਂ ਦੇ ਮਨ ਵਿਚ ਕੋਈ ਰਹਿਮ ਨਹੀਂ ਆਇਆ ਤੇ ਉਨ੍ਹਾਂ ਨੇ ਦੁਕਾਨ ਮਾਲਕ ਦੇ ਗੋਲ਼ੀ ਮਾਰ ਦਿੱਤੀ ਜੋਕਿ ਉਸ ਦੀ ਵੱਖੀ ਵਿਚ ਲੱਗੀ ਤੇ ਲੁਟੇਰੇ ਸੋਨਾ ਲੁੱਟਕੇ ਘਟਨਾ ਸਥਾਨ ਤੋਂ ਪੈਦਲ ਹੀ ਫ਼ਰਾਰ ਹੋ ਗਏ। ਜ਼ਖ਼ਮੀ ਦੁਕਾਨਦਾਰ ਪਰਮਿੰਦਰ ਵਿੱਕੀ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਵਿਖੇ ਰੈਫਰ ਕੀਤਾ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਆਈ ਪੁਲਿਸ ਨੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਘਟਨਾ ਸਥਾਨ ‘ਤੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਦਿਨ ਦਿਹਾੜੇ ਲੋਕਾਂ ਨੂੰ ਗੋਲ਼ੀਆਂ ਮਾਰਕੇ ਲੁੱਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਜਿਹੇ ਹਾਲਾਤ ਕੁਝ ਸਮਾਂ ਪਹਿਲਾਂ ਬਿਹਾਰ ਵਿਚ ਹੁੰਦੇ ਸਨ ਤੇ ਹੁਣ ਇਹ ਹਾਲਾਤ ਪੰਜਾਬ ਵਿਚ ਸ਼ੁਰੂ ਹੋ ਗਏ ਹਨ। ਪੁਲਿਸ ਨੇ ਕੁਝ ਤਸਵੀਰਾਂ ਲੁਟੇਰਿਆਂ ਦੀਆਂ ਜਾਰੀ ਵੀ ਕੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਨ੍ਹਾਂ ਬਾਰੇ ਪਤਾ ਲੱਗੇ ਤਾਂ ਪੁਲਿਸ ਨੂੰ ਇਤਲਾਹ ਕੀਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here