ਜਗਰਾਉਂ, 9 ਨਵੰਬਰ ( ਵਿਕਾਸ ਮਠਾੜੂ )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਸਰੀ ਵਾਰ ਪ੍ਰਧਾਨ ਬਣੇ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ, ਜਿਸ ਦੀ ਖੁਸ਼ੀ ’ਚ ਅੱਜ ਝਾਂਸੀ ਰਾਣੀ ਚੌਕ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਹਲਕਾ ਇੰਚਾਰਜ ਐਸ. ਆਰ. ਕਲੇਰ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਨੇ ਜਗਰਾਉਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਸਿੱਖ ਸੰਘਰਸ਼ ਯੋਧੇ ਹਨ, ਜਿੰਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਦੀਆਂ ਕਾਲਕੋਠੜੀਆਂ ’ਚ ਬਿਤਾਏ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਵੱਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਕਾਰਜ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ। ਉਨ੍ਹਾਂ ਵੱਲੋਂ ਪੰਜਾਬ ਅਤੇ ਪੰਥ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਆਪਣੇ ਆਪ ’ਚ ਕਾਬਲੀਏ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਦਾ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਨਾ ਇਲਾਕੇ ਲਈ ਬਹੁਤ ਵੱਡਾ ਮਾਣ ਵਾਲੀ ਗੱਲ ਹੈ। ਇਸ ਮੌਕੇ ਜਸਪਾਲ ਸਿੰਘ ਨਾਗੀ ਕੈਨੇਡਾ ਨੇ ਵੀ ਭਾਈ ਗਰੇਵਾਲ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਦੀਪਇੰਦਰ ਸਿੰਘ ਭੰਡਾਰੀ, ਗੁਰਦੀਪ ਸਿੰਘ ਦੂਆ, ਇਸ਼ਟਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਭਜਨਗੜ੍ਹ, ਜਨਪ੍ਰੀਤ ਸਿੰਘ, ਗਗਨਦੀਪ ਸਿੰਘ ਸਰਨਾ, ਗੁਰਫਹਿਤ ਸਿੰਘ ਗਰੇਵਾਲ, ਹਰਦੇਵ ਸਿੰਘ ਬੌਬੀ, ਅਵਤਾਰ ਸਿੰਘ ਮਿਗਲਾਨੀ, ਇੰਦਰਪ੍ਰੀਤ ਸਿੰਘ ਵਛੇਰ, ਸੋਨੂੰ ਮਿਗਲਾਨੀ, ਠੇਕੇਦਾਰ ਹਾਕਮ ਸਿੰਘ ਸੀਹਰਾ ਤੋਂ ਇਲਾਵਾ ਸਤਨਾਮ ਸਿੰਘ ਆਦਿ ਹਾਜ਼ਰ ਸਨ।
