Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਵਾਰ-ਵਾਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਿਉਂ ?

ਨਾਂ ਮੈਂ ਕੋਈ ਝੂਠ ਬੋਲਿਆ..?
ਵਾਰ-ਵਾਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਿਉਂ ?

63
0


ਗੁਰੂਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ’ਚ 2015 ਤੋਂ ਹੀ ਵਾਰ ਵਾਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਕ ਸਾਜ਼ਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਅਤੇ ਹੁਣ ਤੱਕ ਇਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੌਮ ਦੇ ਹਿਰਦੇ ਨੂੰ ਵਲੰਘਰਨ ਵਾਲੀਆਂ ਕਈ ਵੱਡੀਆਂ-ਵੱਡੀਆਂ ਘਟਨਾਵਾਂ ਵੀ ਵਾਪਰੀਆਂ, ਜੋ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣੀਆਂ ਹਈਆਂ ਹਨ। ਜਿੰਨਾਂ ਵਿਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਨਸਾਫ ਹਾਸਿਲ ਨਹੀਂ ਹੋ ਸਕਿਆ ਪਰ ਇਸ ਦੇ ਬਾਵਜੂਦ ਪੰਜਾਬ ਭਰ ਵਿੱਚ ਸਮੇਂ-ਸਮੇਂ ’ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮੁਹਾਲੀ ਦੇ ਗੁਰਦੁਆਰਾ ਸਹਿਬ ਵਿਚ ਦਰਬਾਰ ਸਾਹਿਬ ਵਿਚ ਦਾਖਲ ਹੋ ਕੇ ਬੇ ਅਦਬੀ ਕਰਨੀ, ਪਟਿਆਲਾ ਦੇ ਗੁਰਦੁਆਰਾ ਸਾਹਿਬ ’ਚ ਸਰੋਵਰ ਦੇ ਪਾਸ ਬੈਠ ਕੇ ਸ਼ਰਾਬ ਪੀ ਰਹੀ ਔਰਤ ਨੂੰ ਗੋਲੀ ਮਾਰ ਦੇਣੀ ਅਤੇ ਹੁਣ ਨੰਗੇ ਸਿਰ ਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਦਾਖਲ ਹੋਏ ਨੌਜਵਾਨ ਦਾ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਜਿਸਨੂੰ ਸਿਖ ਸੰਗਤ ਅਤੇ ਪੁਲਸ ਨੇ ਕਾਬੂ ਕਰ ਲਿਆ ਹੈ। ਇਥੇ ਵੱਡਾ ਸਵਾਲ ਇਹ ਹੈ ਕਿ ਹੁਣ ਤੱਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕ ਜਦੋਂ ਮੌਕੇ ’ਤੇ ਹੀ ਫੜੇ ਜਾਂਦੇ ਤਾਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਬੀਮਾਰ ਕਹਿ ਕੇ ਮਾਮਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੀ ਮਾਨਸਿਕ ਰੋਗੀਆਂ ਨੂੰ ਸਿਰਫ ਬੇਅਦਬੀ ਕਰਨ ਲਈ ਹੀ ਗੁਰਦੁਆਰਾ ਸਾਹਿਬ ਪਹੁੰਚਣਾ ਹੁੰਦਾ ਹੈ ? ਕੀ ਅਜਿਹੇ ਲੋਕ ਦਿਮਾਗੀ ਤੌਰ ’ਤੇ ਬਿਮਾਰ ਹੋਣ ਕਾਰਨ ਹੋਰ ਕਿਸੇ ਤਰ੍ਹਾਂ ਦੀ ਗਤੀਵਿਧੀ ਨਹੀਂ ਕਰਦੇ? ਕੀ ਅਜਿਹੇ ਮਾਨਸਿਕ ਰੋਗੀਆਂ ਦਾ ਉਨ੍ਹਾਂ ਦੇ ਪਰਿਵਾਰ ਵਾਲੇ ਇਲਾਜ ਨਹੀਂ ਕਰਵਾਉਂਦੇ ? ਇਹ ਸਾਰੇ ਸਵਾਲ ਹਰ ਕਿਸੇ ਦੇ ਮਨ ਵਿੱਚ ਹਨ। ਹੁਣ ਸਿੱਖ ਸੰਗਤ ਪੂਰੀ ਤਰ੍ਹਾਂ ਸੁਚੇਤ ਵੀ ਹੈ ਪਰ ਉਸਦੇ ਬਾਵਜੂਦ ਵੀ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੁਣ ਤਕਰੀਬਨ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਹ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ। ਜੇਕਰ ਹੁਣ ਤੱਕ ਸੰਗਤ ਇਸ ਤਰ੍ਹਾਂ ਸੁਚੇਤ ਨਾ ਹੁੰਦੀ ਤਾਂ ਬੇਅਦਬੀ ਕਰਨ ਵਾਲਿਆਂ ਅਤੇ ਸਾਜਿਸ਼ਾਂ ਰਚਣ ਵਾਲੇ ਲੋਕਾਂ ਵਲੋਂ ਉਲਟਾ ਸਿੱਖ ਸੰਗਤ ਨੂੰ ਹੀ ਸਵਾਲਾਂ ਦੇ ਕਟਿਹਰੇ ਵਿਚ ਖੜਾ ਕਰ ਦਿਤਾ ਜਾਣਾ ਸੀ। ਉਸਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਹੋਣਾ। ਇਸ ਤਰ੍ਹਾਂ ਦੀ ਸਾਜ਼ਿਸ਼ ਤਹਿਤ ਬੇਅਦਬੀ ਦੀਆਂ ਘਟਨਾਵਾਂ ਵੱਡੇ ਪੱਧਰ ’ਤੇ ਹੋ ਸਕਦੀਆਂ ਸਨ ਕਿਉਂਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਨਾਲ ਕੋਝੀ ਤੋਂ ਕਤੋਝੀ ਚਾਲ ਸਾਹਮਣੇ ਆਉਂਦੀ ਰਹੀ ਹੈ। ਸੀ.ਸੀ.ਟੀ.ਵੀ ਕੈਮਰੇ ਲਗਾਉਣ ਨਾਲ ਸਾਰੀ ਅਸਲੀਅਤ ਤੁਰੰਤ ਸਭ ਦੇ ਸਾਹਮਣੇ ਆ ਜਾਂਦੀ ਹੈ। ਜਿਹੜੇ ਲੋਕ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਜਾਣਬੁੱਝ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਲੋਕਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਪਿੱਛੇ ਕਿਸ ਦਾ ਹੱਥ ਹੈ, ਇਸ ਦਾ ਹੁਣ ਤੱਕ ਵੀ ਪਤਾ ਨਾ ਲੱਗ ਸਕਣਾ ਸਾਡੇ ਲਈ ਸਭ ੋਤੰ ਵੱਡੀ ਨਾਕਾਮੀ ਹੈ। ਹੁਣ ਤੱਕ ਵਾਪਰੀਆਂ ਇਸ ਤਰ੍ਹਾਂ ਦੀਆਂ ਸਾਰੀਆਂ ਘਟਨਾਵਾਂ ਵਿਚ ਮੌਕੇ ਤੇ ਗਿ੍ਰਫਤਾਰ ਕੀਤੇ ਗਏ ਲੋਕਾਂ ਤੋਂ ਕੀਤੀ ਗਈ ਪੁੱਛ-ਗਿੱਛ ਵਿੱਚ ਇੱਕ ਵੀ ਘਟਨਾ ਅਜਿਹੀ ਸਾਹਮਣੇ ਨਹੀਂ ਹੈ ਜਿਸ ਵਿਚ ਕੀਤੀ ਗਈ ਪੁੱਛ ਗਿੱਛ ਕਿਸੇ ਨਤੀਜੇ ਦਾ ਖੁਲਾਸਾ ਕਰ ਸਕੀ ਹੋਵੇ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਪਿਛੇ ਕੌਣ ਹੈ ਅਤੇ ਉਹ ਲੋਕ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਜਿਸ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਾਰ-ਵਾਰ ਠੇਸ ਪਹੁੰਚਾਈ ਜਾ ਰਹੀ ਹੈ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਵਾਲੇ ਲੋਕਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਜੇਕਰ ਇਹ ਪਤਾ ਲੱਗ ਜਾਵੇ ਕਿ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕੌਣ ਕੰਮ ਕਰ ਰਹੇ ਹਨ, ਤਾਂ ਆਪਣੇ ਆਪ ਹੀ ਅਜਿਹੀਆਂ ਵਾਰਦਾਤਾਂ ਬੰਦ ਹੋ ਜਾਣਗੀਆਂ। ਇਸ ਲਈ ਅਜਿਹੇ ਵਿਅਕਤੀ ਦੇ ਫੜੇ ਜਾਣ ’ਤੇ ਸਿੱਖ ਸੰਗਤ ਨੂੰ ਪੂਰੀ ਤਰ੍ਹਾਂ ਸਬਰ ਤੋਂ ਕੰਮ ਲੈ ਕੇ ਸਾਰੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ। ਪੁਲਿਸ ’ਤੇ ਦਬਾਅ ਪਾ ਸਾਜਿਸ਼ ਦਾ ਭਾਂਡਾ ਫੋੜ ਕਰਨਾ ਚਾਹੀਦਾ ਹੈ ਤਾਂ ਕਿ ਮਾਨਸਿਕ ਤੌਰ ’ਤੇ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਅਜਿਹੇ ਲੋਕ ਛੁੱਟ ਨਾ ਸਕਣ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here