Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਹਰ ਅਹੁਦੇ ਦਾ ਸਨਮਾਨ ਰਹੇ ਬਰਕਰਾਰ, ਮਾਮਲਾ ਸੰਸਦ...

ਨਾਂ ਮੈਂ ਕੋਈ ਝੂਠ ਬੋਲਿਆ..?
ਹਰ ਅਹੁਦੇ ਦਾ ਸਨਮਾਨ ਰਹੇ ਬਰਕਰਾਰ, ਮਾਮਲਾ ਸੰਸਦ ਭਵਨ ਦੇ ਉਦਘਾਟਨ ਦਾ

51
0


ਕਿਸੇ ਵੀ ਦੇਸ਼ ਦਾ ਸੰਸਦ ਭਵਨ ਹਰੇਕ ਰਾਜਨੀਤਿਕ ਦਲ ਲਈ ਇਕ ਮੰਦਰ ਵਾਂਗ ਹੁੰਦਾ ਹੈ। ਇੱਥੇ ਲੋਕਾਂ ਦੀ ਬਿਹਤਰੀ ਲਈ ਕਾਨੂੰਨ ਬਣਾਏ ਜਾਂਦੇ ਹਨ ਅਤੇ ਦੇਸ਼ ਨੂੰ ਚਲਾਉਣ ਲਈ ਕੰਮ ਕੀਤਾ ਜਾਂਦਾ ਹੈ। ਇਸ ਲਈ ਸੰਸਦ ਭਵਨ ਸਿਆਸੀ ਪਾਰਟੀਆਂ ਲਈ ਇਹ ਸਭ ਪੂਜਣਯੋਗ ਹੈ। ਭਾਰਤ ਵਿੱਚ ਪੁਰਾਣੇ ਸੰਸਦ ਭਵਨ ਦੀ ਥਾਂ ਕੇਂਦਰ ਸਰਕਾਰ ਵੱਲੋਂ ਆਧੁਨਿਕ ਤਕਨੀਕਾਂ ਨਾਲ ਲੈਸ ਇੱਕ ਨਵਾਂ ਆਲੀਸ਼ਾਨ ਸੰਸਦ ਭਵਨ ਤਿਆਰ ਕੀਤਾ ਗਿਆ ਹੈ। ਜਿਸ ਦਾ ਉਦਘਾਟਨ 28 ਮਈ ਨੂੰ ਹੋਣ ਜਾ ਰਿਹਾ ਹੈ। ਉਦਘਾਟਨ ਤੋਂ ਪਹਿਲਾਂ ਹੀ ਦੇਸ਼ ਭਰ ਵਿਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਜਿਆਦਾਤਰ ਸਿਆਸੀ ਵਿਰੋਧੀ ਪਾਰਟੀਆਂ ਨੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਜਿਸ ਵਿੱਚ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਰਖਵਾਲੇ ਰਾਸ਼ਟਰਪਤੀ ਨੂੰ ਇਸ ਉਦਘਾਟਨ ਲਈ ਕੇਂਦਰ ਸਰਕਾਰ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਅਤੇ ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਬਿਨਾਂ ਰਾਸ਼ਟਰਪਤੀ ਦੀ ਮੌਜੂਦਗੀ ਤੋਂ ਹੀ ਕਰ ਰਹੇ ਹਨ। ਦੇਸ਼ ਦੀਆਂ 20 ਵਿਰੋਧੀ ਪਾਰਟੀਆਂ ਨੇ ਉਦਘਾਟਨ ਸਮਾਰੋਹ ’ਚ ਨਾ ਜਾਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਰਾਸ਼ਟਰਪਤੀ ਦੇ ਅਹੁਦੇ ਦਾ ਅਪਮਾਨ ਹੈ। ਇੱਥੇ ਅੱਗੇ ਵਧਣ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਦੀ ਗੱਲ ਕਰਨੀ ਚਾਹਾਂਗਾ। ਇਸ ਸਮਾਰੋਹ ’ਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਾਮਲ ਹੋਣ ਦਾ ਫੈਸਲਾ ਸਭ ਨੂੰ ਹੈਰਾਨ ਕਰ ਰਿਹਾ ਹੈ ਅਤੇ ਸਿੱਧੇ ਤੌਰ ਤੇ ਅਕਾਲੀ ਦਲ ਦੇ ਭਾਜਪਾ ਪ੍ਰਤੀ ਪਿਆਰ ਨੂੰ ਉਜਾਗਰ ਕਰ ਰਿਹਾ ਹੈ। ਭਾਵੇਂ ਕਿ ਅਕਾਲੀ ਦਲ ਨੇ ਮਜ਼ਬੂਰੀ ਦੇ ਅਧੀਨ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਪੁਰਾਣਾ ਰਿਸ਼ਤਾ ਸਮਾਪਤ ਕਰ ਲਿਆ ਸੀ ਪਰ ਇਸ ਗੱਲ ਦੀ ਟੀਸ ਉਨ੍ਹਾਂ ਦੇ ਹਰ ਨੇਤਾ ਵਿਚ ਸਮੇਂ ਸਮੇਂ ਤੇ ਦੇਖੀ ਜਾ ਸਕਦੀ ਹੈ। ਪਰ ਸਿਆਸੀ ਮਜ਼ਬੂਰੀ ਕਾਰਨ ਅਕਾਲੀ ਦਲ ਊਾਜਪਾ ਨਾਲ ਮੁੜ ਸਾਂਝ ਪਿਆਲੀ ਦੀ ਖਾਹਿਸ਼ ਦਾ ਖੁੱਲ੍ਹੇਆਮ ਕੋਈ ਹੁੰਗਾਰਾ ਨਹੀਂ ਭਰ ਰਿਹਾ। ਦੂਸਰਾ ਭਾਰਤੀ ਜਨਤਾ ਪਾਰਟੀ ਮੁੜ ਤੋਂ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਰੱਖਣ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੀ ਪਰ ਅਕਾਲੀ ਦਲ ਵੱਲੋਂ ਭਾਜਪਾ ਦੀ ਲੀਡਰਸ਼ਿਪ ਦੀ ਚਾਪਲੂਸੀ ਕਰਕੇ ਉਨ੍ਹਾਂ ਨੂੰ ਵਾਰ-ਵਾਰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਜਦੋਂ ਕਿ ਦੇਸ਼ ਦੀਆਂ ਵੱਡੀਆਂ-ਛੋਟੀਆਂ 20 ਪਾਰਟੀਆਂ ਨੇ ਉਦਘਾਟਨ ’ਚ ਨਾ ਆਉਣ ਦਾ ਫੈਸਲਾ ਕੀਤਾ ਹੈ ਤਾਂ ਉਨ੍ਹਾਂ ਸਭ ਦੇ ਉਲਟ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਜਾਣ ਦਾ ਫੈਸਲਾ ਕੀਤਾ। ਚਲੋ ! ਇਹ ਅਕਾਲੀ ਦਲ ਦਾ ਨਿਜੀ ਫੈਸਲਾ ਹੈ ਆਪਾਂ ਅੱਗੇ ਵਧਦੇ ਹਾਂ। ਬਗੈਰ ਰਾਸ਼ਟਰਪਤੀ ਦੀ ਮੌਜੂਦਗੀ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਕੀ ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਦੇ ਇਸ ਫੈਸਲੇ ਨੂੰ ਮੰਨੇਗੀ ਜਾਂ ਨਹੀਂ। ਪਰ ਅਸਲ ’ਚ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ’ਤੇ ਬਿਰਾਜਮਾਨ ਦੇਸ਼ ਦੇ ਰਾਸ਼ਟਰਪਤੀ ਨੂੰ ਦੇਸ਼ ਦੇ ਸਭ ਤੋਂ ਮਾਣਮੱਤੇ ਸਥਾਨ ਸੰਸਦ ਭਵਨ ’ਚ ਉਦਘਾਟਨ ਸਮੇਂ ਸੱਦਾ ਨਹੀਂ ਦਿੱਤਾ ਜਾਣਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਜੇਕਰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇਸ਼ ਦੇ ਇਸ ਸਰਵਉੱਚ ਅਸਥਾਨ ਦਾ ਉਦਘਾਟਨ ਇਕੱਠੇ ਹੀ ਕਰਦੇ ਤਾਂ ਇਸ ਵਿੱਚ ਕੀ ਹਰਜ ਹੋ ਸਕਦਾ ਹੈ। ਇਸ ਲਈ ਸੰਸਦ ਭਵਨ ਦੇ ਉਦਘਾਟਨ ਵਿੱਚ ਅਜੇ 3 ਦਿਨ ਬਾਕੀ ਹਨ। ਇਸ ਸਮਾਗਮ ਨੂੰ ਹੋਰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਇਸ ਉਦਘਾਟਨੀ ਸਮਾਰੋਹ ਵਿਚ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਰਾਜਮਾਨ ਰਾਸ਼ਟਰਪਤੀ ਨੂੰ ਸ਼ਾਮਲ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੀ ਗਰਿਮਾ ਅਤੇ ਸੰਸਦ ਭਵਨ ਦੋਵਾਂ ਦੀ ਸ਼ਾਨ ਅਤੇ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ ਕਿ ਉਹ ਇਸ ਪ੍ਰੋਗਰਾਮ ਦਾ ਬਾਈਕਾਟ ਕਰ ਸਕਣ। ਇਹ ਦੇਸ਼ ਦਾ ਸਭ ਤੋਂ ਉੱਚਾ ਸਥਾਨ ਹੈ। ਪਰ ਇਸ ਦੇ ਉਦਘਾਟਨ ਸਮਾਰੋਹ ਤੇ ਪੂਰੀ ਦੁਨੀਆਂ ਦੀ ਨਜਰ ਹੈ। ਇਸ ਲਈ ਇਸ ਉਦਘਾਟਨ ਸਮਾਰੋਹ ਦੀ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਇੱਕ ਮੰਚ ਤੇ ਖੜ੍ਹੀਆਂ ਹੋਈਆਂ ਨਜ਼ਰ ਆਉਣੀਆਂ ਚਾਹੀਦੀਆਂ ਹਨ। ਅਜਿਹੇ ’ਚ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਹ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੁੱਚੇ ਦੇਸ਼ ਦੀ ਵਿਰਾਸਤ ਨੂੰ ਸਿਰਫ਼ ਇੱਕ ਪਾਰਟੀ ਤੱਕ ਸੀਮਤ ਨਾ ਰੱਖਣ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੰਚ ’ਤੇ ਲੈ ਕੇ ਇਸ ਆਧੁਨਿਕ ਸੰਸਦ ਭਵਨ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here