ਭਰਤੀ ਪ੍ਰਕਿਰਿਆ ਸ਼ੈਡਿਊਲ ’ਚ ਕੀਤਾ ਗਿਐ ਕੁਝ ਬਦਲਾਅ
ਚੰਡੀਗੜ੍ਹ (ਭੰਗੂ) ਚੰਡੀਗੜ੍ਹ ਪੁਲਿਸ ਵਿਭਾਗ ’ਚ ਕਾਂਸਟੇਬਲ ਦੇ 700 ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਸ਼ੈਡਿਊਲ ’ਚ ਕੁਝ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਪਹਿਲੀ ਜੂਨ 2023 ਤੋਂ ਪੁਲਿਸ ਵਿਭਾਗ ਦੀ ਵੈੱਬਸਾਈਟ ’ਤੇ ਆਨਲਾਈਨ ਅਪਲਾਈ ਕਰ ਸਕੋਗੇ। ਪੁਲਿਸ ਵਿਭਾਗ ਨੇ ਪਹਿਲਾਂ 27 ਮਈ ਤੋਂ ਅਪਲਾਈ ਕਰਨ ਦੀ ਮਿਤੀ ਤੈਅ ਕੀਤੀ ਸੀ, ਪਰ ਪੁਲਿਸ ਵਿਭਾਗ ਵੱਲੋਂ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦਿੰਦਿਆਂ ਬਿਨੈ ਦੀ ਤਰੀਕ ’ਚ ਬਦਲਾਅ ਕੀਤਾ ਹੈ। 22 ਜੂਨ ਬਿਨੈ ਕਰਨ ਦੀ ਆਖ਼ਰੀ ਤਰੀਕ ਹੋਵੇਗੀ। ਦੇਸ਼ ਭਰ ਤੋਂ 18 ਤੋਂ 25 ਸਾਲ ਦੀ ਉਮਰ ਦੇ ਸਰੀਰਕ ਤੌਰ ’ਤੇ ਫਿੱਟ ਨੌਜਵਾਨ ਭਰਤੀ ’ਚ ਹਿੱਸਾ ਲੈ ਸਕਣਗੇ। ਚੰਡੀਗੜ੍ਹ ਪੁਲਿਸ ’ਚ ਕਰੀਬ ਅੱਠ ਸਾਲਾਂ ਬਾਅਦ ਕਾਂਸਟੇਬਲ ਦੀ ਭਰਤੀ ਹੋਣ ਜਾ ਰਹੀ ਹੈ। ਪੁਲਿਸ ਵਿਭਾਗ ਨੇ ਅਕਤੂਬਰ ਤਕ ਭਰਤੀ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਰੱਖਿਆ ਹੈ।