Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸਿਆਸਤ ਵਿੱਚ ਕੋਈ ਪੱਕਾ ਮਿੱਤਰ ਜਾਂ ਪੱਕਾ ਦੁਸ਼ਮਣ...

ਨਾਂ ਮੈਂ ਕੋਈ ਝੂਠ ਬੋਲਿਆ..?
ਸਿਆਸਤ ਵਿੱਚ ਕੋਈ ਪੱਕਾ ਮਿੱਤਰ ਜਾਂ ਪੱਕਾ ਦੁਸ਼ਮਣ ਨਹੀਂ ਹੁੰਦਾ

50
0


ਰਾਜਨੀਤੀ ਦੇ ਖੇਤਰ ਵਿੱਚ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ ਅਤੇ ਕੋਈ ਪੱਕਾ ਮਿੱਤਰ ਹੀਂ ਹੁੰਦਾ। ਸਾਡੇ ਆਗੂ ਕਦੋਂ, ਕਿੱਥੇ ਅਤੇ ਕਿਵੇਂ ਆਪਣੇ ਕੱਟੜ ਵਿਰੋਧੀ ਨੂੰ ਜੱਫੀ ਪਾ ਲੈਣ ਅਤੇ ਕਦੋਂ ਉਸ ਪਾਰਟੀ ਵਿਚ ਸ਼ਾਮਲ ਹੋ ਜਾਣ ਜਿਸਨੂੰ ਉਹ ਸਭ ਤੋਂ ਵੱਧ ਨਿੰਦਦੇ ਹੁੰਦੇ ਹਨ ਇਸਦਾ ਕੋਈ ਪਤਾ ਨਹੀਂ ਹੁੰਦਾ। ਇਸ ਦੀਆਂ ਕਈ ਉਦਾਹਰਣਾਂ ਸਮੇਂ-ਸਮੇਂ ’ਤੇ ਦੇਖਣ ਨੂੰ ਵੀ ਮਿਲਦੀਆਂ ਹਨ। ਹਾਲ ਹੀ ’ਚ ਪੰਜਾਬ ਦੀ ਸਿਆਸਤ ਦੇ ਦੋ ਬਹੁਤ ਹੀ ਮਸ਼ਹੂਰ ਚਿਹਰੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਹਨ, ਜਿਨ੍ਹਾਂ ਵਿਚਕਾਰ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 36 ਦਾ ਅੰਕੜਾ ਹੈ ਅਤੇ ਦੋਵੇਂ ਇਕ ਦੂਸਰੇ ਖਿਲਾਫ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ। ਪੰਜਾਬ ਵਿੱਚ ਸ਼ੁਰੂ ਤੋਂ ਹੀ ਬਿਕਰਮਜੀਤ ਨੂੰ ਚਿੱਟੇ ਦੇ ਨਸ਼ੇ ਲਈ ਜ਼ਿੰਮੇਵਾਰ ਠਹਿਰਾਉਣ ਵਾਲੇ ਨਵਜੋਤ ਸਿੰਘ ਸਿੱਧੂ ਕਈ ਵਾਰ ਮਜੀਠੀਆ ਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਆ ਰਹੇ ਹਨ। ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇਹ ਦੋਵੇਂ ਆਗੂ ਕਦੇ ਇੱਕ ਦੂਜੇ ਨੂੰ ਜੱਫੀ ਵਿਚ ਵੀ ਲੈ ਲੈਣਗੇ। ਪਰ ਅਜੀਤ ਅਖਬਾਰ ਦੇ ਸੰਪਾਦਕ ਖਿਲਾਫ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਆਗੂ ਇੱਕੋ ਮੰਚ ’ਤੇ ਇਕੱਠੇ ਹੋ ਗਏ। ਜਦੋਂ ਨਵਜੋਤ ਸਿੰਘ ਸਿੱਧੂ ਸੰਬੋਧਨ ਕਰਨ ਆਏ ਤਾਂ ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਨੇੜੇ ਬੁਲਾ ਕੇ ਦੱਫੀ ਪਾਉਣ ਲਈ ਕਿਹਾ ਅਤੇ ਅਕਾਲੀ, ਭਾਜਪਾ ਅਤੇ ਕਾਂਗਰਸੀਆਂ ਦੇ ਵੱਡੇ ਆਗੂਆਂ ਦੀ ਮੌਜੂਦਗੀ ਵਿਚ ਦੋਵੇਂ ਕੱਟੜ ਵਿਰੋਧੀਆਂ ਨੇ ਖੁੱਲ੍ਹੇ ਮੰਚ ਤੇ ਇਕ ਦੂਸਰੇ ਨੂੰ ਪੂਰੀ ਗਰਮਜੋਸ਼ੀ ਨਾਲ ਜੱਫੀ ਪਾਈ। ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਲੋਕ ਅਕਸਰ ਰਾਜਨੀਤਿਕ ਪਾਰਟੀਅਆੰ ਦੇ ਸਮਰਥਣ ਵਿਚ ਇਕ ਦੂਸਰੇ ਨਾਲ ਦੁਸ਼ਮਣੀਆਂ ਪਾਲ ਲੈਂਦੇ ਹਨ ਅਤੇ ਪੂਰੀ ਉਮਰ ਲਈ ਇਕ ਦੂਸਰੇ ਨਾਲ ਕਿਨਾਰਾ ਕਰ ਲੈਂਦੇ ਹਨ ਅਤੇ ਲੋਕ ਆਪਸ ਵਿੱਚ ਲੜਨ ਲੱਗ ਪੈਂਦੇ ਹਨ। ਗੱਲਬਾਤ ਤੱਕ ਇਕ ਦੂਸਰੇ ਨਾਲ ਪੂਰੀ ਤਰ੍ਹਾਂ ਨਾਲ ਬੰਦ ਕਰਕੇ ਬੈਠ ਜਾਂਦੇ ਹਨ। ਪਰ ਜਿੰਨਾਂ ਵੇਤਾਵਾਂ ਲਈ ਉਹ ਅਜਿਹਾ ਕਰਦੇ ਹਨ ਉਹ ਨੇਤਾ ਸਮਾਂ ਮਿਲਦਿਆਂ ਹੀ ਇਕ ਦੂਸਰੇ ਨੂੰ ਮਿਲਦੇ ਹਨ ਅਤੇ ਜੱਫੀਆਂ ਪਾਉਂਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਉਹ ਵਰਕਰ ਜੋ ਆਪਸ ਵਿਚ ਦੁਸ਼ਮਣੀਆਂ ਪਾਲ ਲੈਂਦੇ ਹਨ ਉਹ ਠੱਗੇ ਰਹਿ ਜਾਂਦੇ ਹਨ। ਅਜਿਹੀਆਂ ਹੋਰ ਵੀ ਕਈ ਮਿਸਾਲਾਂ ਹਨ। ਜੋ ਹਾਲ ਹੀ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦਾ ਮੁੱਖ ਮੰਤਰੀ ਸੀ ਤਾਂ ਰੋਜਾਨਾ ਪਾਣੀ ਪੀ ਪੀ ਕੇ ਭਾਜਪਾ ਨੂੰ ਕੋਸਦੇ ਸੀ, ਜਦੋਂ ਕੁਰਸੀ ਖੁੱਸ ਗਈ ਤਾਂ ਉਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਕਾਂਗਰਸ ਨੂੰ ਨਿੰਦਣ ਲੱਗ ਪਏ। ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਜੋ ਹਮੇਸ਼ਾ ਹੀ ਭਾਜਪਾ ’ਤੇ ਦੇਸ਼ ਨੂੰ ਬਰਬਾਦੀ ਦੇ ਕੰਢੇ ’ਤੇ ਲਿਜਾਣ ਦਾ ਦੋਸ਼ ਲਾਉਂਦੇ ਰਹੇ ਪਰ ਉਹ ਖੁਦ ਵੀ ਉਸੇ ਪਾਰਟੀ ’ਚ ਸ਼ਾਮਲ ਹੋ ਗਏ। ਇਕ ਹੋਰ ਹਰਮਨ ਪਿਆਰਾ ਚਿਹਰਾ ਮਨਪ੍ਰੀਤ ਬਾਦਲ ਹੈ, ਜੋ ਪੰਜਾਬ ਦੇ ਵਿੱਤ ਮੰਤਰੀ ਸਨ। ਭਾਜਪਾ ਨੂੰ ਉਹ ਦੇਸ਼ ਦੀ ਸਭ ਤੋਂ ਬੇਕਾਰ ਪਾਰਟੀ ਕਹਿੰਦੇ ਸਨ ਪਰ ਉਹ ਵੀ ਚੱੁਪ ਕਰਕੇ ਭਗਵਾ ਹੋ ਗਏ। ਇੱਕ ਹੋਰ ਮਸ਼ਹੂਰ ਨਾਮ ਹੈ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਲੁਧਿਆਣਾ ਤੋਂ ਉਹ ਭਾਜਪਾ ਨੂੰ ਦੇਸ਼ ਦੀ ਦੁਸ਼ਮਣ ਕਰਾਰ ਦਿੰਦੇ ਸਨ ਅਤੇ ਇਸੇ ਪਾਰਟੀ ਦੇ ਹੱਕ ਵਿੱਚ ਜਲੰਧਰ ਲੋਕ ਸਭਾ ਸੀਟ ’ਤੇ ਭਾਜਪਾ ਲਈ ਵੋਟਾਂ ਮੰਗਦੇ ਨਜ਼ਰ ਆਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਵਿਕਾਸ ਪੁਰਸ਼ ਦਾ ਖਿਤਾਬ ਉਨ੍ਹਾਂ ਵਲੋਂ ਦਿੱਤਾ ਗਿਆ। ਇੱਥੋਂ ਤੱਕ ਕਿ ਭਾਜਪਾ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਹ ਵੀ ਦਾਅਵਾ ਕਰਦੇ ਨਜਰ ਆਏ ਕਿ ਉੁਹ ਜਲੰਧਰ ਤੋਂ ਬੀਜੇਪੀ ਨੂੰ ਵੱਡੇ ਫਰਕ ਨਾਲ ਜਿਤਾਉਣਗੇ। ਮਨਜਿੰਦਰ ਸਿੰਘ ਸਿਰਸਾ ਦਿੱਲੀ ਦੀ ਸਿਆਸਤ ਦਾ ਇੱਕ ਹੋਰ ਵੱਡਾ ਚਿਹਰਾ ਹੈ ਜੋ ।ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਦਾ ਇਹ ਬਿਆਨ ਕਾਫੀ ਚਰਚਾ ਵਿੱਚ ਰਿਹਾ ਸੀ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਭਾਜਪਾ ਮੈਨੂੰ ਦਬਾਉਣਾ ਚਾਹੁੰਦੀ ਹੈ। ਮੇਰਾ ਗਲਾ ਵੱਢਿਆ ਜਾਵੇਗਾ ਪਰ ਮੈਂ ਭਾਜਪਾ ਅੱਗੇ ਨਹੀਂ ਝੁਕਾਂਗਾ, ਪਰ ਉਸ ਤੋਂ ਕੁਝ ਦਿਨਾਂ ਬਾਅਦ ਉਹ ਵੀ ਆਪਣੇ ਗਲੇ ਵਿੱਚ ਭਗਵਾ ਪਹਿਨ ਕੇ ਭਾਜਪਾਈ ਬਣ ਗਿਆ ਅਤੇ ਹੁਣ ਭਾਜਪਾ ਦਾ ਗੁਣਗਾਣ ਕਰਦੇ ਨਹੀਂ ਥੱਕਦੇ। ਅਜਿਹੀਆਂ ਹੋਰ ਉਦਹਾਰਣਾ ਵੀ ਹਨ , ਜੋ ਦੱਸਣ ਲਈ ਕਾਫੀ ਹਨ ਕਿ ਇਹ ਲੀਡਰ ਲੋਕ ਕਿਸੇ ਦੇ ਨਹੀਂ ਹੁੰਦੇ ਅਤੇ ਨਾ ਹੀ ਇੰਨਾਂ ਦਾ ਕੋਈ ਦੀਨ ਇਮਾਨ ਹੁੰਦਾ ਹੈ। ਇਹ ਕਦੋਂ ਕਿਸਦੀ ਛੱਚਕੀ ਤੇ ਬੈਠ ਜਾਣ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਇਸ ਲਈ ਇਹਨਾਂ ਸਿਆਸੀ ਲੋਕਾਂ ਨੂੰ ਪਿੱਛੇ ਲੱਗ ਕੇ ਕਿਸੇ ਕਿਸਮ ਦੀ ਦੁਸ਼ਮਣੀ ਨਾ ਪਾਲੋ ਅਤੇ ਨਾ ਹੀ ਕਿਸੇ ਤੋਂ ਦੂਰੀ ਬਣਾਓ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here