ਸਮੁੱਚੇ ਦੇਸ਼ ਵਿਚ ਇਸ ਸਮੇਂ ਬੇਰੁਜ਼ਗਾਰੀ ਸਿਖਰਾਂ ’ਤੇ ਪਹੁੰਚ ਗਈ ਹੈ ਅਤੇ ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨ ਨੌਕਰੀ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਸਾਡੀ ਕੇਂਦਰ ਸਰਕਾਰ ਹੋਵੇ ਜਾਂ ਸੂਬੇ ਦੀਆਂ ਸਰਕਾਰਾਂ ਸਭ ਦੇ ਲੀਡਰ ਨੌਜਵਾਨਾਂ ਨੂੰ ਇਹ ਆਕਰਸ਼ਕ ਸ਼ਬਦ ਬੋਲ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ‘‘ ਤੁਸੀਂ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣੋ ’’। ਸਰਕਾਰਾਂ ਹਰ ਥਾਂ ਹੈ ਇਸ ਗੱਲ ਦਾ ਪ੍ਰਚਾਰ ਕਰਦੀਆਂ ਹਨ। ਪਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਚਾਹੇ ਉਹ ਕਿਸੇ ਵੀ ਰਾਜ ਦੀ ਹੋਵੇ ਜਾਂ ਸਾਡੀ ਕੇਂਦਰ ਸਰਕਾਰ ਉਨ੍ਹਾਂ ਨੇ ਅੱਜ ਤੱਕ ਕਦੇ ਇਹ ਅੰਕੜਾ ਪੇਸ਼ ਨਹੀਂ ਕੀਤਾ ਕਿ ਕਿੰਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਿਸੇ ਵੀ ਸਰਕਾਰ ਵੋਲੰ ਸਵੈ ਰੋਜ਼ਦਾਰ ਲਈ ਕਿੰਨੀ ਸਹਾਇਤਾ ਦਿਤੀ ਅਤੇ ਕਿੰਨੇ ਨੌਜਵਾਨਾਂ ਨੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਅਤੇ ਉਨ੍ਹਾਂ ਵਿਚੋਂ ਕਿੰਨੇ ਨੌਜਵਾਨ ਸਫਲ ਹੋਏ। ਅਸਲੀਅਤ ਾਤੰ ਇਹ ਹੈ ਕਿ ਸਰਕਾਰਾਂ ਨੇ ਰੋਜ਼ਗਾਰ ਮਹਿਕਮਾ ਹੀ ਬੰਦ ਕਰ ਦਿੱਤਾ ਹੈ ਤਾਂ ਕਿ ਬੇਰੋਜਗਾਰਾਂ ਸੰਬੰਧੀ ਨਾਂ ਤਾਂ ਸਰਕਾਰ ਨੂੰ ਅੰਕੜੇ ਜਾਰੀ ਕਰਨੇ ਪੈਣ ਅਤੇ ਨਾ ਹੀ ਕੋਈ ਸਵਾਲ ਪੁੱਛ ਸਕੇ। ਪਹਿਲਾਂ ਹੁੰਦਾ ਸੀ ਕਿ ਹਰ ਸ਼ਹਿਰ ਵਿੱਚ ਰੋਜ਼ਗਾਰ ਦਾ ਦਫ਼ਤਰ ਹੁੰਦਾ ਸੀ, ਉੱਥੇ ਪੜ੍ਹੇ-ਲਿਖੇ ਨੌਜਵਾਨ ਆਪਣੇ ਨਾਂ ਦਰਜ ਕਰਵਾਉਂਦੇ ਸਨ ਤਾਂ ਕਿ ਉਨ੍ਹਾਂ ਨੂੰ ਨੌਕਰੀ ਮਿਲ ਸਕੇ। ਹੁਣ ਇਹ ਸਿਸਟਮ ਬੰਦ ਹੋ ਗਿਆ ਹੈ। ਸਰਕਾਰ ਕੋਲ ਹੁਣ ਸਹੀ ਅੰਕੜੇ ਨਹੀਂ ਹਨ ਕਿ ਕਿੰਨੇ ਲੋਕ ਬੇਰੁਜ਼ਗਾਰ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਪੜ੍ਹੇ-ਲਿਖੇ ਨੌਜਵਾਨਾਂ ਨੂੰ ਪਕੌੜੇ ਤਲਣ ਦੀ ਸਲਾਹ ਦਿੰਦੇ ਹਨ। ਭਾਰਤ ਵਿੱਚ ਸਿੱਖਿਆ ਪ੍ਰਣਾਲੀ ਵਿਚ ਵੱਡੀ ਕਮੀ ਹੈ। ਨੌਜਵਾਨਾਂ ਦਿਨ ਰਾਤ ਇਕ ਕਰਕੇ ਵੱਡੀਆਂ ਵੱਡੀਆਂ ਡਿਗਰੀਆਂ ਲੈਣ ਤੋਂ ਬਾਅਦ ਡਿਦਰੀਆਂ ਦੇ ਕਾਗਜ ਹੱਥਾਂ ਵਿਚ ਲੈ ਕੇ ਨੌਕਰੀ ਲਈ ਦਰ ਦਰ ਭਟਕਦੇ ਰਹਿੰਦੇ ਹਨ। ਪਰ ਡਿਗਰੀਆਂ ਦੇ ਹਿਸਾਬ ਨਾਲ ਕਿਸੇ ਵੀ ਨੌਜਵਾਨ ਨੂੰ ਸਕਿੱਲ ਦੀ ਕੋਈ ਟਰੇਨਿੰਗ ਨਹੀਂ ਦਿੱਤੀ ਜਾਂਦੀ। ਜਿਸ ਖੇਤਰ ਵਿੱਚ ਉਹ ਕੋਈ ਵੀ ਨੌਜਵਾਨ ਡਿਗਰੀ ਕਰਦਾ ਹੈ,ਉਸ ਨੂੰ ਉਸੇ ਖੇਤਰ ਵਿੱਚ ਸਕਿੱਲ ਦੀ ਟ੍ਰੇਨਿੰਗ ਵੀ ਦਿਤੀ ਜਾਣੀ ਚਾਹੀਦੀ ਹੈ। ਤਾਂ ਕਿ ਉਹ ਡਿਗਰੀ ਹਾਸਿਲ ਕਰਨ ਤੋਂ ਬਾਅਦ ਨੌਕਰੀ ਜਾਂ ਆਪਣਾ ਕੰਮ ਕਰ ਸਕੇ। ਸਿਰਫ਼ ਪੜ੍ਹਾਈ ਦੇ ਦਸਤਾਵੇਜ਼ ਸੌਂਪਣ ਨਾਲ ਸਾਡੇ ਪੜ੍ਹੇ-ਲਿਖੇ ਬੱਚੇ ਸਕਿੱਲ ਵਿਚ ਨਿਪੁੱਨ ਨਹੀਂ ਹੋ ਸਕਦਾ। ਅਦਿਹੇ ਵਿਚ ਡਿਗਰੀਆਂ ਹੱਥਾਂ ਵਿਚ ਲੈ ਕੇ ਚੱਲਣ ਵਾਲੇ ਬੱਚੇ ਨੌਕਰੀ ਦੇਣ ਵਾਲੇ ਨਹੀਂ ਬਣ ਸਕਣਗੇ। ਕਰੋਨਾ ਦੇ ਸਮੇਂ ਅੰਦਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਉਸਤੋਂ ਬਾਅਦ ਉਹ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕੇ। ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਦੇ ਮੂੰਹ ਵਿਚ ਨੌਕਰੀ ਦੇਣ ਵਾਲੇ ਬਨਣ ਦਾ ਮਿੱਠਾ ਲਾਲੀ ਪਾਪ ਦੇ ਰਹੀਆਂ ਹਨ। ਨੌਕਰੀਆਂ ਦੇਣ ਦੇ ਨਾਮ ਤੇ ਸਰਕਾਰਾਂ ਸਿਰਫ ਦਾਅਵੇ ਅਤੇ ਵਾਅਦੇ ਕਰਦੀਆਂ ਹਨ। ਅਸਲ ਵਿਚ ਸਾਡੇ ਨੌਜਵਾਨ ਡਿਗਰੀ ਕੰਪਲੀਟ ਤੱਕ 25 ਸਾਲ ਤੱਕ ਦਾ ਸਮਾਂ ਲਗਾ ਦਿੰਦੇ ਹਨ। ਉਸਤੋਂ ਬਾਅਦ ਪੰਜ ਸੱਤ ਸਾਲ ਤੱਕ ਦਾ ਸਮਾਂ ਨੋਕਰੀ ਲੱਭਣ ਲਈ ਲਗਾ ਦਿੰਦੇ ਹਨ। ਆਖਰ ਨੂੰ ਪੜ੍ਹੇ ਲਿਖੇ ਹੋ ਕੇ ਵੀ ਨੌਜਵਾਨ ਆਪਣੀ ਜ਼ਿੰਦਗੀ ਵਿਚ ਦੋ ਵਕਤ ਦੀ ਰੋਟੀ ਕਮਾਉਣ ਦੇ ਯੋਗ ਵੀ ਨਹੀਂ ਹੋ ਸਕਦੇ। ਆਖਰ ਨੂੰ ਉਹ ਅਜਿਹੀ ਸਥਿਤੀ ਵਿਚ ਪਹੁੰਚ ਜਾਂਦਾ ਹੈ ਕਿ ਉਹ ਕੁਝ ਵੀ ਸਿੱਖਣ ਯੋਗ ਨਹੀਂ ਰਹਿੰਦਾ ਅਤੇ ਥਕ ਹਾਰ ਕੇ ਲੱਖਾਂ ਰੁਪਏ ਖਰਚ ਕੇ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵੀ ਨੌਕਰੀ ਨਾ ਮਿਲਣ ਤੇ ਪ੍ਰਾਈਵੇਟ ਸੈਕਟਰ ਵਿਚ ਦਸ ਪੰਦਰਾਂ ਹਜਾਰ ਰੁਪਏ ਦੀ ਨੌਕਰੀ ਕਰਨ ਲਈ ਮਜਬੂਰ ਹਨ ਅਤੇ ਇਹੀ ਸਾਡੇ ਦੇਸ਼ ਦੀ ਤਰਾਸਦੀ ਹੈ। ਇਸ ਲਈ ਸਾਰੇ ਰਾਜਾਂ ਨੂੰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਨੌਕਰੀ ਦੇ ਨਾਂ ਤੇ ਸ਼ੋਸ਼ਣ ਬੰਦ ਕਰੇ ਅਤੇ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ।
ਹਰਵਿੰਦਰ ਸਿੰਘ ਸੱਗੂ ।