ਸ਼ਰਾਬ ਦੇ ਮਾਮਲੇ ’ਚ ਪਿਓ ਪੁੱਤਰ ਫਰਾਰ, ਗੋਲੀਆਂ ਸਮੇਤ ਇਕ ਗ੍ਰਿਫਤਾਰ
ਜੋਧਾਂ, 12 ਜੂਨ ( ਬੌਬੀ ਸਹਿਜਲ, ਧਰਮਿੰਦਰ )—ਥਾਣਾ ਸੁਧਾਰ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਗਿਫ਼ਤਾਰ ਕਰਕੇ ਉਸ ਪਾਸੋਂ 1100 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ ਅਤੇ ਥਾਣਾ ਜੋਧਾਂ ਦੀ ਪੁਲਿਸ ਪਾਰਟੀ ਨੇ ਛਾਪੇਮਾਰੀ ਦੌਰਾਨ 10 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਜਿਸ ਵਿਚ ਪਿਉ-ਪੁੱਤਰ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸੁਧਾਰ ਤੋਂ ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਉਹ ਪਾਰਟੀ ਸਮੇਤ ਮੇਨ ਚੌਕ ਪੱਖੋਵਾਲ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਜਗਰਾਜ ਸਿੰਘ ਉਰਫ ਰਾਜਾ ਅਤੇ ਉਸ ਦਾ ਲੜਕਾ ਸੰਨੀ ਵਾਸੀ ਪਿੰਡ ਪੱਖੋਵਾਲ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਸ਼ਰਾਬ ਲਿਆ ਕੇ ਮਹਿੰਗੇ ਭਾਅ ’ਤੇ ਵੇਚਣ ਦਾ ਧੰਦਾ ਕਰਦੇ ਹਨ। ਜੁਗਰਾਜ ਸਿੰਘ ਉਰਫ਼ ਰਾਜਾ ਅਤੇ ਉਸ ਦਾ ਲੜਕਾ ਸੰਨੀ ਆਪਣੇ ਨਵੇਂ ਬਣੇ ਮਕਾਨ ਵਿੱਚ ਬਾਹਰਲੇ ਰਾਜ ਤੋਂ ਸ਼ਰਾਬ ਲਿਆ ਕੇ ਗਾਹਕਾਂ ਦੀ ਉਡੀਕ ਵਿੱਚ ਬੈਠੇ ਹਨ। ਇਸ ਸੂਚਨਾ ’ਤੇ ਉਸ ਦੇ ਨਵੇਂ ਘਰ ’ਤੇ ਛਾਪੇਮਾਰੀ ਕੀਤੀ ਗਈ ਅਤੇ ਉਥੋਂ 10 ਪੇਟੀਆਂ ਸ਼ਰਾਬ ਯੂਟੀ ਚੰਡੀਗੜ੍ਹ ਬਰਾਮਦ ਹੋਈਆਂ ਪਰ ਜੁਗਰਾਜ ਸਿੰਘ ਅਤੇ ਉਸ ਦਾ ਲੜਕਾ ਸੰਨੀ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ। ਇਨ੍ਹਾਂ ਖ਼ਿਲਾਫ਼ ਥਾਣਾ ਸੁਧਾਰ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਚੌਂਕੀ ਛਪਾਰ ਤੋਂ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਵਿਸ਼ੇਸ਼ ਨਾਕਾਬੰਦੀ ਦੌਰਾਨ ਪਾਰਕ ਸੁਸਾਇਟੀ ਚੌਂਕ ਛਪਾਰ ਵਿਖੇ ਮੌਜੂਦ ਸੀ। ਉੱਥੇ ਸੂਚਨਾ ਮਿਲੀ ਕਿ ਪਿੰਡ ਕੁੰਬੜਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਉਰਫ ਗੀਤਾ ਅਤੇ ਮੌਜੂਦਾ ਨਿਵਾਸੀ ਪਿੰਡ ਖੰਡੂਰ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ। ਜੋ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਗੋਲੀਆਂ ਲੈ ਕੇ ਪਿੰਡ ਜੁੜਾਹਾ ਤੋਂ ਸੂਆ ਦੇ ਕੱਚੇ ਰਸਤੇ ’ਤੇ ਬੈਠੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਗੁਰਮੀਤ ਸਿੰਘ ਉਰਫ ਗੀਤਾ ਨੂੰ 1100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।