ਜਗਰਾਓਂ, 15 ਜੂਨ ( ਬੌਬੀ ਸਹਿਜਲ, ਧਰਮਿੰਦਰ)- ਨਗਰ ਕੌਂਸਲ ਜਗਰਾਉਂ ਵਲੋਂ ਜਤਿੰਦਰਪਾਲ ਪ੍ਰਧਾਨ ਅਤੇ ਸੁਖਦੇਵ ਸਿੰਘ ਰੰਧਾਵਾ, ਕਾਰਜ ਸਾਧਕ ਅਫਸਰ ਦੀ ਰਹਿਨੁਮਾਈ ਹੇਠ ਸ਼ਹਿਰ ਵਾਸੀਆਂ ਨੂੰ ਕੂੜੇ ਕਰਕਟ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨਗਰ ਕੌਂਸਲ ਜਗਰਾਉਂ ਵਲੋਂ 02 ਹੋਰ ਨਵੀਆਂ ਟਾਟਾ ਏਸ ਗੱਡੀਆਂ ਦੀਆਂ ਚਾਬੀਆਂ ਪ੍ਰਧਾਨ ਜਤਿੰਦਰਪਾਲ, ਸੁਖਦੇਵ ਸਿੰਘ ਰੰਧਾਵਾ ਕਾਰਜ ਸਾਧਕ ਅਫਸਰ, ਕੌਂਸਲਰ ਸਾਹਿਬਾਨ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੰਪਨੀ ਪਾਸੋਂ ਨਗਰ ਕੌਂਸਲ ਜਗਰਾਉਂ ਦੇ ਦਫਤਰ ਵਿਖੇ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਜਤਿੰਦਰਪਾਲ ਪ੍ਰਧਾਨ ਵੱਲੋਂ ਦੱਸਿਆ ਗਿਆ ਸ਼ਹਿਰ ਵਾਸੀਆਂ ਨਾਲ ਕੀਤੇ ਗਏ ਆਪਣੇ ਵਾਅਦੇ ਮੁਤਾਬਕ ਨਗਰ ਕੌਂਸਲ ਜਗਰਾਉਂ ਵੱਲੋਂ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਇਹਨਾਂ ਗੱਡੀਆਂ ਦੀ ਪੜਾਅ ਵਾਰ ਖ੍ਰੀਦ ਕੀਤੀ ਜਾ ਰਹੀ ਹੈ। ਇਸ ਤੋਂ ਕੁਝ ਮਹੀਨੇ ਪਹਿਲਾਂ ਨਗਰ ਕੌਂਸਲ ਵਲੋਂ 03 ਨਵੀਆਂ ਟਾਟਾ ਏਸ ਗੱਡੀਆਂ ਖ੍ਰੀਦ ਕੀਤੀਆਂ ਗਈਆਂ ਸਨ ਜੋ ਕਿ ਸ਼ਹਿਰ ਅੰਦਰ ਕੂੜਾ ਕਰਕਟ ਚੁੱਕਣ ਦਾ ਰੋਜਾਨਾਂ ਕੰਮ ਕਰ ਰਹੀਆਂ ਹਨ। ਕੁਝ ਹੀ ਦਿਨ ਪਹਿਲਾਂ 03 ਹੋਰ ਨਵੀਆਂ ਟਾਟਾ ਏਸ ਗੱਡੀਆਂ ਨਗਰ ਕੌਂਸਲ ਨੂੰ ਪ੍ਰਾਪਤ ਹੋਈਆਂ ਸਨ ਅਤੇ ਉਸ ਸਮੇਂ ਇਹ ਵੀ ਕਿਹਾ ਗਿਆ ਸੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਬਾਕੀ ਰਹਿੰਦੀਆਂ 02 ਟਾਟਾ ਏਸ ਗੱਡੀਆਂ ਵੀ ਨਗਰ ਕੌਂਸਲ ਨੂੰ ਪ੍ਰਾਪਤ ਹੋ ਜਾਣਗੀਆਂ।ਇਸੇ ਤਹਿਤ ਹੀ ਅੱਜ ਇਹ 02 ਹੋਰ ਟਾਟਾ ਏਸ ਗੱਡੀਆਂ ਨਗਰ ਕੌਂਸਲ ਵਲੋਂ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਕਾਰਜ ਸਾਧਕ ਅਫਸਰ ਵੱਲੋਂ ਪ੍ਰਧਾਨ ਜੀ ਨੂੰ ਨਾਲ ਬਿਠਾ ਕੇ ਇੱਕ ਗੱਡੀ ਨੂੰ ਖੁੱਦ ਚਲਾਅ ਕੇ ਵੀ ਦੇਖਿਆ ਗਿਆ। ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਵਲੋਂ ਦੱਸਿਆ ਗਿਆ ਕਿ ਇਹਨਾਂ ਸਾਰੀਆਂ ਗੱਡੀਆਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਕੰਪਾਟਮੈਂਟ ਬਣੇ ਹੋਏ ਹਨ। ਉਹਨਾਂ ਸ਼ਹਿਰ ਵਾਸੀਆਂ ਨੂੰ ਦੁਬਾਰਾ ਫਿਰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਡੱਸਟਬਿਨ ਲਗਾਏ ਜਾਣ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦਿੱਤਾ ਜਾਵੇ ਕਿਉਂਜੋ ਸ਼ਹਿਰ ਵਾਸੀਆਂ ਦੇ ਇਸ ਸਹਿਯੋਗ ਨਾਲ ਹੀ ਜਗਰਾਉਂ ਸ਼ਹਿਰ ਅੰਦਰੋਂ ਕੂੜੇ ਕਰਕਟ ਦੀ ਸਮੱਸਿਆ ਤੋਂ ਜਲਦ ਤੋਂ ਜਲਦ ਨਿਜਾਤ ਪਾਈ ਜਾ ਸਕਦੀ ਹੈ। ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਵਲੋਂ ਕਿਹਾ ਗਿਆ ਕਿ ਉਹ ਸ਼ਹਿਰ ਵਾਸੀਆਂ ਨੂੰ ਕੂੜੇ ਕਰਕਟ ਤੋਂ ਨਿਜ਼ਾਤ ਦੁਆਉਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਿਰੰਤਰ ਯੋਗ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਤੇ ਰਵਿੰਦਰਪਾਲ ਸਿੰਘ ਕੌਂਸਲਰ, ਜਰਨੈਲ ਸਿੰਘ ਕੌਂਸਲਰ, ਮਾਸਟਰ ਹਰਦੀਪ ਜੱਸੀ, ਕੁਲਜੀਤ ਸਿੰਘ ਸੁਪਰਡੰਟ(ਸ), ਗੁਰਦੀਪ ਸਿੰਘ ਸੈਨਟਰੀ ਇੰਸਪੈਕਟਰ, ਹਰੀਸ਼ ਕੁਮਾਰ, ਅਸ਼ਵਨੀ ਬੱਲੂ ਸ਼ਰਮਾਂ, ਬਿੱਟੂ ਸਿਆਲ, ਹਰਵਿੰਦਰ ਸਿੰਘ ਚਾਵਲਾ, ਨਰਿੰਦਰ ਕੁਮਾਰ, ਰਾਕੇਸ਼ ਕੁਮਾਰ ਕੱਕੜ, ਮੇਜਰ ਕੁਮਾਰ, ਧਰਮਵੀਰ, ਸੋਨੂੰ, ਕੇਵਲ, ਸਤਨਾਮ ਸਿੰਘ ਵਿੱਕੀ, ਜਤਿੰਦਰ ਸਿੰਘ ਜੋਤੀ, ਜਸਬੀਰ ਸਿੰਘ ਆਦਿ ਹਾਜਰ ਸਨ।